ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 15 ਮਈ
ਈ.ਟੀ.ਟੀ. ਟੈੱਟ ਪਾਸ ਦੋ ਬੇਰੁਜ਼ਗਾਰ ਅਧਿਆਪਕਾਂ ਨੇ ਸਿਹਤ ਨਾਸਾਜ਼ ਦੇ ਬਾਵਜੂਦ ਸ਼ਨਿਚਰਵਾਰ ਨੂੰ 56ਵੇਂ ਦਿਨ ਵੀ ਇਥੇ ਬੀ.ਐਸ.ਐਨ.ਐਲ. ਟਾਵਰ ‘ਤੇ ਰੋਸ ਪ੍ਰਦਰਸ਼ਨ ਵਜੋਂ ਡੇਰਾ ਜਮਾਈ ਰੱਖਿਆ। ਲੰਮੇ ਵਕਫ਼ੇ ਤੋਂ ਲਗਾਤਾਰ ਟਾਵਰ ‘ਤੇ ਰਹਿਣ ਕਾਰਨ ਦੋਨੋਂ ਸੰਘਰਸ਼ਕਾਰੀ ਬੇਰੁਜ਼ਗਾਰ ਅਧਿਆਪਕਾਂ ਪਿਛਲੇ ਕਈ ਦਿਨਾਂ ਤੋਂ ਬੁਖਾਰ ਤੇ ਸਰੀਰਕ ਪੀੜਾ ਦੀ ਵੀ ਗ੍ਰਿਫਤ ’ਚ ਹਨ। ਦੋਨਾਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਪੱਖਪਾਤ ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਵੀ ਮੜਿਆ। ਦੱਸਣਯੋਗ ਹੈ ਕਿ ਰੁਜ਼ਗਾਰ ਪ੍ਰਾਪਤੀ ਨੂੰ ਲੈ ਕੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ’ਚ ਧਰਨੇ ਤੋਂ ਇਲਾਵਾ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ’ਚ ਉਕਤ ਦੋਵੇਂ ਬੇਰੁਜ਼ਗਾਰ ਅਧਿਆਪਕ ਟਾਵਰ ’ਤੇ ਚੜ੍ਹ ਕੇ ਧਰਨਾ ਦੇ ਰਹੇ ਹਨ। ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਟਾਵਰ ਤੋਂ ਭੇਜੀ ਇੱਕ ਵੀਡੀਓ ’ਚ ਕੈਪਟਨ ਸਰਕਾਰ ਨੂੰ ਮਿਹਣਾ ਮਾਰਦਿਆਂ ਆਖਿਆ ਹੈ ਕਿ ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ ਜਾਂ ਟਿੱਕਟੌਕਰ ਤਾਂ ਝੱਟ ਦਿੱਸੇ ਜਾਂਦੇ ਹਨ ਤੇ ਉਨ੍ਹਾਂ ਨਾਲ ਸੰਵਾਦ ਵੀ ਰਚਾ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਆਪਣੇ ਸ਼ਹਿਰ ’ਚ 200 ਫੁੱਟ ਟਾਵਰ ’ਤੇ ਚੜ੍ਹੇ ਬੇਰੁਜ਼ਗਾਰ ਨਜ਼ਰੀ ਨਹੀਂ ਪੈ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਅਦੇ ਨਾ ਪੁਗਾ ਕੇ ਉਨ੍ਹਾਂ ਨਾਲ ਵਾਅਦਾਖ਼ਿਲਾਫ਼ੀ ਕੀਤੀ ਹੈ।