ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਅਪਰੈਲ
ਸਰਕਾਰੀ ਹਸਪਤਾਲਾਂ ਵਿੱਚ ਬਣੇ ਓਟ ਕੇਂਦਰਾਂ ਵਿੱਚ ਨਸ਼ੇ ਦੀ ਤੋਟ ਦੇ ਭੰਨ੍ਹੇ ਮਰੀਜ਼ਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਦਰਜ ਹੋਣ ਨਾਲ ਸਰਕਾਰ ਦਾ ‘ਨਸ਼ਾ ਮੁਕਤ ਪੰਜਾਬ’ ਸਿਰਜਣ ਦਾ ਸੁਪਨਾ ਧੁੰਦਲਾ ਹੁੰਦਾ ਨਜ਼ਰ ਆ ਰਿਹਾ ਹੈ।
ਇੱਥੇ ਇਕੱਲੇ ਕੋਟ ਈਸੇ ਖਾਂ ਓਟ ਕੇਂਦਰ ਵਿੱਚ ਕਰੀਬ ਤਿੰਨ ਹਜ਼ਾਰ ਮਰੀਜ਼ਾਂ ਦੇ ਦਵਾਈ ਲੈਣ ਆਉਣ ਨਾਲ ਹਾਲਾਤ ਬਦਤਰ ਹੋ ਗਏ। ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਓਟ ਕਲੀਨਿਕ ਵਿੱਚ ਦਵਾਈ ਦੇਣ ’ਚ ਦੇਰੀ ਹੋਣ ’ਤੇ ਮਰੀਜ਼ਾਂ ਨੇ ਹੰਗਾਮਾ ਕਰਦਿਆਂ ਮੁਲਾਜ਼ਮਾਂ ਉੱਤੇ ਤੇਜ਼ਾਬ ਸੁੱਟਣ ਦੀ ਕਥਿਤ ਧਮਕੀ ਦਿੱਤੀ। ਇਸ ਮਗਰੋਂ ਸੈਂਟਰ ’ਚ ਪੂਰਾ ਦਿਨ ਪੁਲੀਸ ਤਾਇਨਾਤ ਰਹੀ।
ਅੱਜ ਦਵਾਈ ਲੈਣ ਆਏ ਮਰੀਜ਼ਾਂ ਨੂੰ ਕਰੋਨਾ ਮਹਾਮਾਰੀ ਸਬੰਧੀ ਸਮਾਜਿਕ ਦੂਰੀ ਦੀ ਪਾਲਣਾ ਕਰਨ ਲਈ ਆਖਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਕਰੋਨਾ ਤੋਂ ਬਚਾਅ ਕੀ ਰੱਖਣ, ਉਨ੍ਹਾਂ ਦੀ ਤਾਂ ਨਸ਼ੇ ਦੀ ਤੋਟ ਨਾਲ ਜਾਨ ’ਤੇ ਬਣੀ ਹੋਈ ਹੈ।
ਕਈ ਨੌਜਵਾਨਾਂ ਨੇ ਦੱਸਿਆ ਕਿ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਕੀਤੀ ਸਖ਼ਤੀ ਤੋਂ ਬਾਅਦ ਨਸ਼ੇ ਦੀ ਤੋਟ ਕਾਰਨ ਉਨ੍ਹਾਂ ਦਾ ਬੁਰਾ ਹਾਲ ਹੈ। ਉਹ ਗੋਲੀਆਂ ਲੈਣ ਲਈ ਸਵੇਰ ਤੋਂ ਲਾਈਨਾਂ ’ਚ ਖੜ੍ਹੇ ਹਨ ਪਰ ਅੱਜ 12 ਵਜੇ ਤਕ ਵੀ ਦਵਾਈ ਨਹੀਂ ਦਿੱਤੀ ਗਈ। ਪਹਿਲਾਂ ਸਿਰਫ਼ ਇੱਕ ਦਿਨ ਦੀ ਦਵਾਈ ਦਿੰਦੇ ਸਨ, ਪਰ ਅੱਜ ਵੱਧ ਦਿਨਾਂ ਦੀ ਦਵਾਈ ਦੇਣ ਲਈ ਆਖਿਆ ਗਿਆ ਸੀ। ਕਈ ਨੌਜਵਾਨਾਂ ਨੇ ਆਖਿਆ ਕਿ ਇਸ ਦਵਾਈ ਨਾਲ ਹੀ ਉਨ੍ਹਾਂ ਦੇ ਨਸ਼ੇ ਦੀ ਪੂਰਤੀ ਹੋ ਜਾਂਦੀ ਹੈ ਤੇ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਦਾ ਇਸ ਦਵਾਈ ਬਿਨਾਂ ਨਹੀਂ ਸਰ ਸਕਦਾ। ਜੇ ਕਦੇ ਗੋਲੀ ਦੀ ਸਪਲਾਈ ਘਟ ਜਾਵੇ ਤਾਂ ਉਨ੍ਹਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਅਤੇ ਉਹ ਨਸ਼ਾ ਪੂਰਤੀ ਲਈ ਇੱਧਰ-ਉੱਧਰ ਭਟਕਦੇ ਨਜ਼ਰ ਆਉਂਦੇ ਹਨ।
ਮਰੀਜ਼ਾਂ ਨੂੰ ਸੱਤ ਦਿਨਾਂ ਦੀ ਦਵਾਈ ਦਿੱਤੀ: ਕੌਂਸਲਰ
ਸੈਂਟਰ ਕੌਂਸਲਰ ਕੁਲਵੰਤ ਕੌਰ ਨੇ ਮਰੀਜ਼ਾਂ ਨੂੰ ਸਮਝਾਇਆ ਕਿ ਸਟਾਫ਼ ਦੀ ਕਮੀ ਕਾਰਨ ਦਵਾਈ ਲਈ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਾਮ 5 ਵਜੇ ਤਕ ਸਾਰੇ ਮਰੀਜ਼ਾਂ ਨੂੰ ਸੱਤ ਦਿਨਾਂ ਦੀ ਦਵਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਅਧਿਕਾਰੀਆਂ ਨੂੰ ਸਟਾਫ਼ ਦੀ ਘਾਟ ਬਾਰੇ ਜਾਣੂ ਕਰਵਾ ਚੁੱਕੇ ਹਨ। ਜੇ ਅਜਿਹੀ ਸਥਿਤੀ ਰਹੀ ਤਾਂ ਉਹ ਨੌਕਰੀ ਛੱਡਣ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਵੱਲੋਂ ਤੇਜ਼ਾਬ ਸੁੱਟਣ ਦੀ ਧਮਕੀ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਪੁਲੀਸ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।