ਚਰਨਜੀਤ ਭੁੱਲਰ
ਚੰਡੀਗੜ੍ਹ, 25 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਹੁਣ ਖਣਨ ਮਾਫ਼ੀਏ ਨੂੰ ਨਕੇਲ ਪਾਉਣ ਲਈ ਸਖ਼ਤ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਭ੍ਰਿਸ਼ਟਾਚਾਰ ਖ਼ਿਲਾਫ਼ ਸ਼ਿਕਾਇਤਾਂ ਲਈ ਟੌਲ ਫ੍ਰੀ ਨੰਬਰ ਜਾਰੀ ਕਰਨ ਮਗਰੋਂ ਅੱਜ ਪੰਜਾਬ ਸਰਕਾਰ ਨੇ ਨਾਜਾਇਜ਼ ਖਣਨ ਦੀਆਂ ਸ਼ਿਕਾਇਤਾਂ ਲਈ ਟੌਲ ਫ੍ਰੀ ਨੰਬਰ 1800-180-2422 ਜਾਰੀ ਕੀਤਾ ਹੈ। ਸਰਕਾਰੀ ਬੁਲਾਰੇ ਨੇ ਕਿਹਾ ਕਿ ਪੰਜਾਬ ਦੇ ਆਮ ਲੋਕ ਇਸ ਨੰਬਰ ’ਤੇ ਸ਼ਿਕਾਇਤ ਦਰਜ ਕਰਾ ਸਕਣਗੇ ਅਤੇ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪੰਜਾਬ ਸਰਕਾਰ ਨੇ ਹਦਾਇਤ ਜਾਰੀ ਕੀਤੀ ਹੈ ਕਿ ਸੂਬੇ ਦੇ ਸਟੋਨ ਕਰੱਸ਼ਰ ਮਾਲਕਾਂ ਨੂੰ ਹੁਣ ਸਟੋਨ ਕਰੱਸ਼ਰਾਂ ’ਤੇ ਇਹ ਟੌਲ ਫ੍ਰੀ ਨੰਬਰ ਲਿਖਣਾ ਜ਼ਰੂਰੀ ਹੋਵੇਗਾ। ਚੇਤੇ ਰਹੇ ਕਿ ਬੀਤੇ ਹਫ਼ਤੇ ਪੰਜਾਬ ਸਰਕਾਰ ਨੇ ਰੋਪੜ ਹਲਕੇ ਦੇ ਖੇੜਾ ਕਲਮੋਟ ਖੇਤਰ ਵਿਚ ਛੇ ਸਟੋਨ ਕਰੱਸ਼ਰ ਸੀਲ ਕਰ ਦਿੱਤੇ ਸਨ। ਆਮ ਆਦਮੀ ਪਾਰਟੀ ਹੁਣ ਤੱਕ ਪੰਜਾਬ ਦੇ ਮਾਈਨਿੰਗ ਮਾਫ਼ੀਏ ਨੂੰ ਲੈ ਕੇ ਪ੍ਰਚਾਰ ਕਰਦੀ ਰਹੀ ਹੈ।
ਖਣਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਮਾਮਲੇ ’ਤੇ ਕਾਫ਼ੀ ਸਰਗਰਮੀ ਦਿਖਾਈ ਗਈ ਹੈ ਅਤੇ ਨਾਜਾਇਜ਼ ਮਾਈਨਿੰਗ ਰੋਕਣ ਲਈ ਉਹ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਬੀਤੇ ਦਿਨੀਂ ਦੋ ਮਾਈਨਿੰਗ ਅਧਿਕਾਰੀ ਮੁਅੱਤਲ ਵੀ ਕੀਤੇ ਗਏ ਸਨ। ਖਣਨ ਵਿਭਾਗ ਆਈਏਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਹਵਾਲੇ ਕਰਨਾ ਵੀ ਸੰਕੇਤ ਦਿੰਦਾ ਹੈ ਕਿ ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਖ਼ਤ ਕਦਮ ਉਠਾਉਣਾ ਚਾਹੁੰਦੀ ਹੈ।
ਸਾਈਬਰ ਅਪਰਾਧ ਦੀ ਰਿਪੋਰਟ ਲਈ ਵੈੱਬ-ਪੋਰਟਲ ਜਾਰੀ
ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਵੀ.ਕੇ. ਭਾਵੜਾ ਨੇ ਅੱਜ ਨਾਗਰਿਕਾਂ ਦੀ ਸਹੂਲਤ ਲਈ ਵੈੱਬ-ਪੋਰਟਲ cybercrime .punjabpolice. gov.in ਲਾਂਚ ਕੀਤਾ ਤਾਂ ਜੋ ਹਰ ਕਿਸਮ ਦੀ ਸਾਈਬਰ ਧੋਖਾਧੜੀ ਅਤੇ ਅਪਰਾਧਾਂ ਦੀ ਤੁਰੰਤ ਰਿਪੋਰਟ ਕੀਤੀ ਜਾ ਸਕੇ। ਡੀਜੀਪੀ ਵੱਲੋਂ ਡੀਆਈਜੀ ਸਟੇਟ ਸਾਈਬਰ ਕਰਾਈਮ ਨੀਲਾਂਬਰੀ ਜਗਦਲੇ ਅਤੇ ਡੀਐੱਸਪੀ ਸਾਈਬਰ ਕ੍ਰਾਈਮ ਸਮਰਪਾਲ ਸਿੰਘ ਦੀ ਮੌਜੂਦਗੀ ਵਿੱਚ ਇਹ ਵੈੱਬ-ਪੋਰਟਲ ਲਾਂਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵੈਬ-ਪੋਰਟਲ ਤੱਕ ਪਹੁੰਚ ਹੋਰ ਆਸਾਨ ਬਣਾਉਣ ਲਈ ਪੋਰਟਲ ਵਿੱਚ ਪੰਜਾਬੀ ਭਾਸ਼ਾ ’ਚ ਇੱਕ ਜਾਣਕਾਰੀ ਵਾਲੀ ਵੀਡੀਓ ਦਿੱਤੀ ਗਈ ਹੈ।