ਦਰਸ਼ਨ ਸਿੰਘ ਮਿੱਠਾ
ਫਤਹਿਗੜ੍ਹ ਸਾਹਿਬ, 16 ਜੂਨ
ਉੱਘੀ ਸਮਾਜ ਸੇਵੀ ਸੰਸਥਾ ਸਰਵ ਹਿਊਮੈਨਿਟੀ ਸਰਵ ਗੌਡ (ਮਨੁੱਖੀ ਸੇਵਾ ਹੀ ਰੱਬੀ ਸੇਵਾ ਹੈ) ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ’ਚ ਪੜ੍ਹ ਰਹੇ ਜੰਮੂ ਕਸ਼ਮੀਰ ਦੇ ਸਿੱਖ ਵਿਦਿਆਰਥੀ ਸਵਪਨਦੀਪ ਸਿੰਘ ਸੋਢੀ ਪੁੱਤਰ ਓਂਕਾਰ ਸਿੰਘ ਸੋਢੀ, ਮੂਲ ਵਾਸੀ ਮਕਾਨ ਨੰਬਰ 288, ਸੈਕਟਰ 6, ਗੁਰੂ ਨਾਨਕ ਨਗਰ ਜੰਮੂ ਦੀ ਅੱਧੀ ਫ਼ੀਸ ਭਰ ਕੇ ਉਸ ਦਾ ਭਵਿੱਖ ਖ਼ਰਾਬ ਹੋਣ ਤੋਂ ਬਚਾਅ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਵਪਨਦੀਪ ਸਿੰਘ ਇੰਜਨੀਅਰਿੰਗ ਦੇ ਆਖ਼ਰੀ ਸਮੈਸਟਰ ਦੀ ਪੜ੍ਹਾਈ ਕਰ ਰਿਹਾ ਹੈ। ਦਾਖ਼ਲੇ ਦੌਰਾਨ ਐੱਸਜੀਪੀਸੀ ਵੱਲੋਂ ਇਹ ਕਿਹਾ ਗਿਆ ਸੀ ਕਿ ਉਸ ਦੀ ਪੂਰੀ ਫ਼ੀਸ ਮੁਆਫ਼ ਹੈ ਅਤੇ ਉਹ ਇਸ ਕਾਲਜ ਵਿੱਚ ਬਿਲਕੁਲ ਮੁਫ਼ਤ ਸਿੱਖਿਆ ਹਾਸਲ ਕਰ ਸਕੇਗਾ ਪਰ ਹੁਣ ਉਸ ਨੂੰ ਕਾਲਜ ਵੱਲੋਂ ਇਕ ਸੂਚੀ ਦਿੱਤੀ ਗਈ ਹੈ ਜਿਸ ਵਿੱਚ ਉਸ ਨੂੰ ਵੱਖ ਵੱਖ ਸਮੈਸਟਰਾਂ ਦਾ ਖਰਚਾ 2 ਲੱਖ 40 ਹਜ਼ਾਰ ਰੁਪਏ ਭਰਨ ਲਈ ਕਿਹਾ ਗਿਆ ਹੈ। ਇਹ ਫੀਸ ਨਾ ਭਰਨ ’ਤੇ ਵਿਦਿਆਰਥੀ ਨੂੰ ਫਾਈਨਲ ਇਮਤਿਹਾਨ ਵਿੱਚ ਬੈਠਣ ਦੀ ਮਨਾਹੀ ਕੀਤੀ ਗਈ ਸੀ। ਵਿਦਿਆਰਥੀ ਦੀ ਇਸ ਮੁਸ਼ਕਲ ਨੂੰ ‘ਪੰਜਾਬੀ ਟ੍ਰਿਬਿਊਨ’ ਨੇ 15 ਜੂਨ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਅੱਜ ਉਕਤ ਸਮਾਜ ਸੇਵੀ ਸੰਸਥਾ ਦੇ ਨੁਮਾਇੰਦਿਆਂ ਨੇ ਕਾਲਜ ਦੇ ਪ੍ਰਿੰਸੀਪਲ ਜੀਐੱਸ ਲਾਂਬਾ ਨੂੰ 1 ਲੱਖ 20 ਹਜ਼ਾਰ ਰੁਪਏ ਫ਼ੀਸ ਦੀ ਰਕਮ ਵਜੋਂ ਚੈੱਕ ਭੇਟ ਕੀਤਾ ਗਿਆ।
ਸੰਸਥਾ ਦੇ ਚੇਅਰਮੈਨ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਿਦਿਆਰਥੀ ਦੀ ਸਮੱਸਿਆ ਬਾਰੇ ਪੜ੍ਹਿਆ ਸੀ ਤੇ ਵਿਦਿਆਰਥੀ ਨੇ ਵੀ ਉਨ੍ਹਾਂ ਨਾਲ ਮਦਦ ਲਈ ਸੰਪਰਕ ਕੀਤਾ ਗਿਆ। ਉਨ੍ਹਾਂ ਦੱਸਿਆ ਵਿਦਿਆਰਥੀ ਦੀ ਫ਼ੀਸ ਭਰਨ ਦੀ ਸੇਵਾ ਅਮਰੀਕਾ ’ਚ ਰਹਿੰਦੀ ਮਨਿੰਦਰ ਕੌਰ ਵੱਲੋਂ ਕੀਤੀ ਗਈ ਹੈ। ਇਸ ਮੌਕੇ ਸਵਰਨਜੀਤ ਸਿੰਘ, ਜੋਤੀ ਸਲੂਜਾ, ਡਾ. ਲਖਵਿੰਦਰ ਸਿੰਘ, ਮਾਸਟਰ ਹਰਿੰਦਰ ਸਿੰਘ, ਕਰਕੀਰਤ ਸਿੰਘ, ਨਵਜੋਤ ਸਿੰਘ ਸਿੱਧੂ ਹਾਜ਼ਰ ਸਨ।