ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਦਸੰਬਰ
ਪੰਜਾਬ ਦੇ ਸਿੱਖਿਆ ਤੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੂਬੇ ਦੇ ਸਮੂਹ ਵਿੱਦਿਅਕ ਅਦਾਰਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ| ਸਿੱਖਿਆ ਵਿਭਾਗ ਵੱਲੋਂ ਐਜੂਸੈਟ ਰਾਹੀਂ ਉੱਘੀ ਸ਼ਖਸੀਅਤ ਵੱਲੋਂ ਸ਼ਹੀਦੀ ਜੋੜ ਮੇਲ ਦੀ ਮਹਾਨਤਾ ਬਾਰੇ ਲੈਕਚਰ ਕਰਵਾਇਆ ਜਾਵੇਗਾ| ਪਰਗਟ ਸਿੰਘ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਸਬੰਧੀ ਸਾਰੇ ਵਿੱਦਿਅਕ ਅਦਾਰੇ ਆਪੋ-ਆਪਣੀਆਂ ਸੰਸਥਾਵਾਂ ਵਿਚ ਕਿਸੇ ਇੱਕ ਦਿਨ ਘੱਟੋ-ਘੱਟ ਇੱਕ ਘੰਟੇ ਦਾ ਪ੍ਰੋਗਰਾਮ ਕਰਕੇ ਬੱਚਿਆਂ ਨੂੰ ਉਨ੍ਹਾਂ ਦੀ ਜੀਵਨੀ ਤੋਂ ਜਾਣੂ ਕਰਵਾਉਣ| ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਨੂੰ ਬਾਕਾਇਦਾ ਪੱਤਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ‘ਜੀਵਤ ਕਈ ਹਜ਼ਾਰ’ ਨਾਂ ਦੇ ਪ੍ਰਾਜੈਕਟ ਦਾ ਪੋਸਟਰ ਵੀ ਰਿਲੀਜ਼ ਕੀਤਾ|