ਸਤਵਿੰਦਰ ਬਸਰਾ
ਲੁਧਿਆਣਾ, 3 ਅਕਤੂਬਰ
ਇੱਥੇ ਡੀਸੀ ਦਫ਼ਤਰ ਦੇ ਬਾਹਰ ਟੀਟੂ ਬਾਣੀਏ ਨੇ ਨਸ਼ਿਆਂ ਦਾ ਰਾਵਣ ਫੂਕ ਕੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਮਨਾਇਆ। ਉਸ ਨੇ ਥਾਂ-ਥਾਂ ਖੋਲ੍ਹੇ ਸ਼ਰਾਬ ਦੇ ਠੇਕਿਆਂ ਦੀ ਨਿਖੇਧੀ ਕਰਦਿਆਂ ਖਸਖਸ ਦੀ ਖੇਤੀ ਕਰਨ ਦੇ ਨਾਲ-ਨਾਲ ਅਫੀਮ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ।
ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ। ਸਮਾਜਿਕ ਮੁੱਦਿਆਂ ਨੂੰ ਵੱਖਰੇ ਢੰਗ ਨਾਲ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਟੀਟੂ ਬਾਣੀਏ ਨੇ ਅੱਜ ਨਸ਼ਿਆਂ ਦਾ ਰਾਵਣ ਫੂਕਿਆ।
ਇਸ ਮੌਕੇ ਰਾਵਣ ਦੇ ਗਲ ਵਿੱਚ ਨਸ਼ੀਲੀਆਂ ਗੋਲੀਆਂ ਦੇ ਪੱਤੇ ਅਤੇ ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਪਾਈਆਂ ਹੋਈਆਂ ਸਨ। ਟੀਟੂ ਬਾਣੀਏ ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ੇ ਖ਼ਤਮ ਹੋਣ ਦੀ ਥਾਂ ਵਧਦੇ ਜਾ ਰਹੇ ਹਨ। ਹਰ ਚੌਕ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ। ‘ਚਿੱਟੇ’ ਦੇ ਨਸ਼ੇ ਨੂੰ ਰੋਕਣ ਲਈ ਭਾਵੇਂ ਪੁਲੀਸ ਅਤੇ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਨਸ਼ੇ ਖ਼ਤਮ ਨਹੀਂ ਹੋ ਰਹੇ। ਟੀਟੂ ਬਾਣੀਏ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਖਸਖਸ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਸ਼ਰਾਬ ਦੀ ਤਰ੍ਹਾਂ ਡੋਡੇ ਤੇ ਅਫੀਮ ਦੇ ਠੇਕੇ ਵੀ ਖੋਲ੍ਹੇ ਜਾਣ।
ਉਨ੍ਹਾਂ ਵਿਧਾਨ ਸਭਾ ਦੇ ਚੱਲ ਰਹੇ ਵਿਸ਼ੇਸ਼ ਸੈਸ਼ਨ ’ਤੇ ਵਿਅੰਗ ਕਰਦਿਆਂ ਕਿਹਾ ਕਿ ਸੈਸ਼ਨ ਵਿੱਚ ਕੋਈ ਵੀ ਮੁੱਦੇ ਦੀ ਗੱਲ ਨਹੀਂ ਕਰ ਰਿਹਾ। ਵਿਰੋਧੀ ਧਿਰ ਵੀ ਆਪਣੀ ਬਣਦੀ ਭੂਮਿਕਾ ਨਿਭਾਉਣ ਵਿੱਚ ਅਸਮਰੱਥ ਹੈ।