ਸ਼ਗਨ ਕਟਾਰੀਆ
ਬਠਿੰਡਾ, 13 ਅਗਸਤ
ਪਿੰਡ ਮਲੂਕਾ ’ਚ ਤੀਆਂ ਦੇ ਇੱਕ ਸਮਾਗਮ ਦੌਰਾਨ ਦਲਿਤ ਬੀਬੀਆਂ ਨਾਲ ‘ਜਾਤ-ਪਾਤ ਸਬੰਧੀ ਵਿਤਕਰੇ’ ਦਾ ਮਾਮਲਾ ਸਾਹਮਣੇ ਆਉਣ ’ਤੇ ਥਾਣਾ ਦਿਆਲਪੁਰਾ ’ਚ ‘ਆਪ’ ਆਗੂ ਸਣੇ ਪੰਜ ਜਣਿਆਂ ਖ਼ਿਲਾਫ਼ ਐੱਸਸੀਐੱਸਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਸੁਖਦੀਪ ਕੌਰ ਪਤਨੀ ਲਛਮਣ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ 7 ਅਗਸਤ ਨੂੰ ਰਘਵੀਰ ਸਿੰਘ ਵੱਲੋਂ ਕਰਵਾਏ ਤੀਆਂ ਦੇ ਪ੍ਰੋਗਰਾਮ ਵਿੱਚ ਉਹ ਵੀ ਸ਼ਾਮਲ ਹੋਈ ਸੀ, ਜਿਥੇ ਐੱਸਸੀ ਤੇ ਜਨਰਲ ਭਾਈਚਾਰਿਆਂ ਲਈ ਵੱਖ-ਵੱਖ ਟੈਂਟ ਲੱਗੇ ਹੋਏ ਸਨ। ਸੁਖਦੀਪ ਕੌਰ ਅਨੁਸਾਰ ਜਦੋਂ ਉਸ ਨੇ ਖਾਣਾ ਖਾਣ ਲਈ ਥਾਲ ਚੁੱਕਿਆ ਤਾਂ ਕੁਲਦੀਪ ਕੌਰ ਪਤਨੀ ਪਲਵਿੰਦਰ ਸਿੰਘ ਨੇ ਥਾਲ ਖੋਹ ਕੇ ਕਿਹਾ ‘ਛੋਟੀਆਂ ਜਾਤਾਂ ਵਾਸਤੇ ਵੱਖਰਾ ਪ੍ਰਬੰਧ ਹੈ ਅਤੇ ਤੁਹਾਡਾ ਲੰਗਰ ਉੱਧਰ ਹੈ’। ਇਸ ਮੌਕੇ ਕੋਲ ਖੜ੍ਹੇ ਇੱਕ ਹੋਰ ਵਿਅਕਤੀ ਜਗਸੀਰ ਸਿੰਘ ਨੇ ਵੀ ਇਹੀ ਸ਼ਬਦ ਦੁਹਰਾਏ। ਇਸ ਸਬੰਧੀ ਪੁਲੀਸ ਨੇ ਰਘਵੀਰ ਸਿੰਘ, ਜਗਸੀਰ ਸਿੰਘ, ਸਵਰਨਾ, ‘ਆਪ’ ਆਗੂ ਲੱਖਾ ਸਿੰਘ ਤੇ ਕੁਲਦੀਪ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਅਨੁਸਾਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਦਲਿਤ ਮਹਾ-ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਆਈਜੀ ਸ਼ਿਵ ਕੁਮਾਰ ਵਰਮਾ ਨੂੰ ਮਿਲ ਕੇ ਸ਼ਿਕਾਇਤ ਕੀਤੀ ਹੈ ਕਿ ਧਨਾਢ ਦੋਸ਼ੀਆਂ ਵੱਲੋਂ ਪੀੜਤਾਂ ਨੂੰ ਧਮਕਾਇਆ ਜਾ ਰਿਹਾ ਹੈ।