ਪੱਤਰ ਪ੍ਰੇਰਕ
ਮੋਰਿੰਡਾ, 3 ਜੁਲਾਈ
ਇੱਥੋਂ ਦੇ ਵੇਰਕਾ ਚੌਕ ਵਿੱਚ ਮੋੜ ਕੱਟਣ ਲੱਗਿਆਂ ਇੱਕ ਟਿੱਪਰ ਸੜਕ ਕੰਢੇ ਧੱਸ ਗਿਆ, ਜਿਸ ਨੂੰ ਬਾਹਰ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ ਅਤੇ ਆਵਾਜਾਈ ਵਿੱਚ ਵੀ ਭਾਰੀ ਵਿਘਨ ਪਿਆ। ਇੱਥੇ ਦੱਸਣਯੋਗ ਹੈ ਕਿ ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਸੜਕ ਕਿਨਾਰੇ ਮਿੱਟੀ ਪੁੱਟ ਕੇ ਪਾਈਆਂ ਉੱਪਰ ਪਾਈ ਮਿੱਟੀ ਦੇ ਧੱਸਣ ਕਾਰਨ ਹਰ ਰੋਜ਼ ਕੋਈ ਨਾ ਕੋਈ ਸੜਕ ਹਾਦਸਾ ਵਾਪਰਦਾ ਹੀ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਮੋਰਿੰਡਾ ਸ਼ਹਿਰ ਵਿੱਚ ਸੜਕ ਦੇ ਕਿਨਾਰਿਆਂ ’ਤੇ ਸੀਵਰੇਜ ਦੀਆਂ ਪਾਈਪਾਂ ਪਾਈਆਂ ਗਈਆਂ ਹਨ ਪ੍ਰੰਤੂ ਇਨ੍ਹਾਂ ਨੂੰ ਪਾਉਣ ਉਪਰੰਤ ਇਨ੍ਹਾਂ ਉੱਪਰ ਸਹੀ ਢੰਗ ਨਾਲ ਮਿੱਟੀ ਨਹੀਂ ਪਾਈ ਗਈ ਜਿਸ ਕਰ ਕੇ ਥੋੜਾ ਜਿਹਾ ਮੀਂਹ ਪੈਣ ’ਤੇ ਹੀ ਇਨ੍ਹਾਂ ਪਾਈਪਾਂ ਉੱਪਰ ਪਾਈ ਮਿੱਟੀ ਧਰਤੀ ਵਿੱਚ ਧਸਣ ਲੱਗ ਜਾਂਦੀ ਹੈ। ਇਸ ਸਬੰਧੀ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ ਅਤੇ ਹੋਰ ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਅਧਿਕਾਰੀਆਂ ਅਤੇ ਠੇਕੇਦਾਰ ਦੇ ਧਿਆਨ ਵਿੱਚ ਇਹ ਸਮੱਸਿਆ ਲਿਆ ਚੁੱਕੇ ਹਨ ਪ੍ਰੰਤੂ ਕੋਈ ਅਧਿਕਾਰੀ ਤੇ ਠੇਕੇਦਾਰ ਹਾਦਸਿਆਂ ਨੂੰ ਰੋਕਣ ਲਈ ਸਾਰਥਕ ਕਦਮ ਨਹੀਂ ਉਠਾਉਂਦਾ ਹੈ। ਉੱਧਰ, ਇਸ ਸਬੰਧੀ ਗੱਲ ਕਰਨ ’ਤੇ ਨਗਰ ਕੌਂਸਲ ਮੋਰਿੰਡਾ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਹਾਦਸਿਆਂ ਦਾ ਕਾਰਨ ਬਣ ਰਹੀ ਇਸ ਜਗ੍ਹਾ ਨੂੰ ਜਲਦੀ ਹੀ ਪੱਕਾ ਕਰ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।