ਚਰਨਜੀਤ ਭੁੱਲਰ
ਚੰਡੀਗੜ੍ਹ, 4 ਅਪਰੈਲ
ਮੁੱਖ ਅੰਸ਼
- ਅਨਾਜ ਚੁਕਾਈ ਲਈ ਟਰੈਕਟਰਾਂ ਨੂੰ ਹਰੀ ਝੰਡੀ ਦੇਣ ਦੀ ਸੰਭਾਵਨਾ
- ਮੌਜੂਦਾ ਹਦਾਇਤਾਂ ਮੁਤਾਬਕ ਟਰੈਕਟਰ ਨੂੰ ਕਮਰਸ਼ੀਅਲ ਵਾਹਨ ਵਜੋਂ ਰਜਿਸਟਰ ਕਰਾਉਣ ਦੀ ਪੈਂਦੀ ਹੈ ਲੋੜ
ਪੰਜਾਬ ਸਰਕਾਰ ਹਾੜ੍ਹੀ ਦੇ ਖ਼ਰੀਦ ਸੀਜ਼ਨ ਲਈ ਕਿਸਾਨ ਪੱਖੀ ਨਵੀਂ ਤਰਕੀਬ ਘੜ ਰਹੀ ਹੈ ਜਿਸ ਨਾਲ ਕਿਸਾਨ ਖ਼ਰੀਦ ਕੇਂਦਰਾਂ ’ਚੋਂ ਅਨਾਜ ਦੀ ਢੋਆ-ਢੁਆਈ ਲਈ ਆਪਣੇ ਟਰੈਕਟਰ-ਟਰਾਲੀ ਦੀ ਵਰਤੋਂ ਕਰ ਸਕਣਗੇ| ਮੁੱਖ ਮੰਤਰੀ ਭਗਵੰਤ ਮਾਨ ਨੇ ਆਮਦਨ ਦੇ ਵਾਧੂ ਵਸੀਲੇ ਪੈਦਾ ਕਰਨ ਦੇ ਮਕਸਦ ਨਾਲ ਅੱਜ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਕੇ ਇਸ ਸਬੰਧੀ ਹਦਾਇਤਾਂ ਅਤੇ ਪ੍ਰਕਿਰਿਆ ਤਿਆਰ ਕਰਨ ਲਈ ਕਿਹਾ ਹੈ| ਜ਼ਿਕਰਯੋਗ ਹੈ ਕਿ ਫ਼ਸਲ ਦੀ ਵਾਢੀ ਮਗਰੋਂ ਕਿਸਾਨਾਂ ਦੇ ਖੇਤੀ ਟਰੈਕਟਰ ਵਿਹਲੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਕਿਸਾਨ ਅਨਾਜ ਦੀ ਢੋਆ-ਢੁਆਈ ਲਈ ਵਰਤ ਸਕਣਗੇ| ਇਸ ਪਾਸੇ ਦਿਲਚਸਪੀ ਰੱਖਣ ਵਾਲੇ ਕਿਸਾਨ ਆਪਣੀ ਫ਼ਸਲ ਦੀ ਵੇਚ-ਵੱਟਤ ਮਗਰੋਂ ਖ਼ਰੀਦ ਕੇਂਦਰਾਂ ਤੋਂ ਗੁਦਾਮਾਂ/ਪਲਿੰਥਾਂ/ਚੌਲ ਮਿੱਲਾਂ ਆਦਿ ਤੱਕ ਅਨਾਜ ਦੀ ਢੋਆ-ਢੋਆਈ ਲਈ ਆਪਣੇ ਖੇਤੀ ਵਾਲੇ ਟਰੈਕਟਰ ਵਰਤ ਸਕਣਗੇ ਜਿਸ ਨਾਲ ਕਿਸਾਨਾਂ ਨੂੰ ਵਾਧੂ ਆਮਦਨ ਵੀ ਹਾਸਲ ਹੋ ਜਾਵੇਗੀ| ਦੂਜੇ ਪਾਸੇ, ਇਕਦਮ ਫਸਲ ਦੇ ਮੰਡੀਆਂ ਵਿਚ ਆਉਣ ਨਾਲ ਚੁਕਾਈ ਦਾ ਕੰਮ ਵੀ ਤੇਜ਼ ਹੋ ਸਕੇਗਾ| ਪੰਜਾਬ ਦੇ ਖੇਤੀ ਸੈਕਟਰ ਵਿਚ ਇਸ ਵੇਲੇ 5.37 ਲੱਖ ਖੇਤੀ ਟਰੈਕਟਰ ਹਨ ਜਦੋਂ ਕਿ ਪੰਜਾਬ ਵਿਚ 2683 ਕਮਰਸ਼ੀਅਲ ਟਰੈਕਟਰ ਹਨ| ਮੋਟਰ ਵਹੀਕਲ ਐਕਟ 1998 ਦੀ ਧਾਰਾ 4 (41) ਤਹਿਤ ਅਤੇ ਕੇਂਦਰੀ ਸੜਕ ਮੰਤਰਾਲੇ ਵੱਲੋਂ 19 ਜੂਨ 1992 ਨੂੰ ਜਾਰੀ ਹਦਾਇਤਾਂ ਅਨੁਸਾਰ ਟਰੈਕਟਰ-ਟਰਾਲੀ ਦੀ ਕਮਰਸ਼ੀਅਲ ਰਜਿਸ਼ਟ੍ਰੇਸ਼ਨ ਕਰਾ ਕੇ ਅਨਾਜ ਦੀ ਢੋਆ-ਢੁਆਈ ਲਈ ਵਰਤੋਂ ਹੋ ਸਕਦੀ ਹੈ| ਟਰੈਕਟਰ ਦੀ ਗ਼ੈਰ ਖੇਤੀ ਕੰਮਾਂ ਲਈ ਵਰਤੋਂ ’ਤੇ ਕੋਈ ਕਾਨੂੰਨੀ ਪਾਬੰਦੀ ਵੀ ਨਹੀਂ ਹੈ| ਅਹਿਮ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਵਾਧੂ ਕਾਗਜ਼ੀ ਉਲਝਣ ਤੋਂ ਮੁਕਤ ਕਰਨ ਵਾਸਤੇ ਵੀ ਰਾਹ ਤਲਾਸ਼ ਰਹੇ ਹਨ| ਜਾਣਕਾਰੀ ਅਨੁਸਾਰ ‘ਆਪ’ ਸਰਕਾਰ ਮੋਟਰ ਵਹੀਕਲ ਐਕਟ 1998 ’ਚ ਸੋਧ ਕਰਕੇ ਇਕੱਲੇ ਖ਼ਰੀਦ ਸੀਜ਼ਨ ਵਿਚ ਅਨਾਜ ਦੀ ਢੋਆ-ਢੁਆਈ ਲਈ ਟਰੈਕਟਰ ਵਰਤਣ ਦੀ ਖੁੱਲ੍ਹ ਦੇਣ ਦਾ ਰਾਹ ਕੱਢ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਟਰੈਕਟਰ ਨੂੰ ਕਮਰਸ਼ੀਅਲ ਵਹੀਕਲ ਵਜੋਂ ਰਜਿਸਟਰ ਕਰਾਉਣ ਦੀ ਲੋੜ ਨਾ ਪਵੇ|
ਟਰੱਕ ਮਾਲਕਾਂ ਨੂੰ ਹੋ ਸਕਦੈ ਇਤਰਾਜ਼
ਪੰਜਾਬ ਵਿਚ ਕਣਕ ਦੀ ਖ਼ਰੀਦ ਲਈ 1850 ਤੋਂ ਉੱਪਰ ਖ਼ਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਵਾਢੀ ਲੇਟ ਹੋਣ ਕਰਕੇ ਹਾਲੇ ਮੰਡੀਆਂ ਵਿਚ ਫ਼ਸਲ ਆਉਣੀ ਸ਼ੁਰੂ ਨਹੀਂ ਹੋਈ ਹੈ। ਖੇਤੀ ਸੈਕਟਰ ਵਿਚ ਵਾਢੀ ਤੋਂ ਇਕਦਮ ਮਗਰੋਂ ਕੁਝ ਦਿਨਾਂ ਲਈ ਟਰੈਕਟਰ ਦੀ ਵਰਤੋਂ ਘੱਟ ਜਾਂਦੀ ਹੈ। ਸਰਕਾਰੀ ਸੂਤਰ ਆਖਦੇ ਹਨ ਕਿ ਇਨ੍ਹਾਂ ਦਿਨਾਂ ਦੌਰਾਨ ਕਿਸਾਨ ਟਰੈਕਟਰ-ਟਰਾਲੀ ਨੂੰ ਅਨਾਜ ਦੀ ਢੋਆ-ਢੁਆਈ ਵਿਚ ਵਰਤ ਸਕਦੇ ਹਨ| ਪੰਜਾਬ ਸਰਕਾਰ ਦੇ ਇਸ ਫ਼ੈਸਲੇ ’ਤੇ ਟਰੱਕ ਮਾਲਕ ਇਤਰਾਜ਼ ਜਤਾ ਸਕਦੇ ਹਨ ਤੇ ਸਰਕਾਰ ਨੂੰ ਉਨ੍ਹਾਂ ਨਾਲ ਵੀ ਨਜਿੱਠਣਾ ਪੈ ਸਕਦਾ ਹੈ।