ਚਰਨਜੀਤ ਭੁੱਲਰ
ਚੰਡੀਗੜ੍ਹ, 10 ਦਸੰਬਰ
ਦਿੱਲੀ ਸਰਹੱਦ ’ਤੇ ਅੱਜ ਇੱਕੋ ਵੇਲੇ ਕਿਸਾਨਾਂ ਦੇ ਹੰਝੂਆਂ ਅਤੇ ਮੁਹੱਬਤਾਂ ਦਾ ਹੜ ਵਗਿਆ। 379 ਦਿਨਾਂ ਦੀ ਸਾਂਝ ਪਿਛੋਂ ਭਲਕੇ ਕਿਸਾਨਾਂ ਦੇ ਵਿਦਾ ਹੋਣ ਦਾ ਦਿਨ ਹੈ। ਕਿਸਾਨਾਂ ਨੂੰ ਇੱਕ ਪਾਸੇ ਜਿੱਤ ਦਾ ਉਤਸ਼ਾਹ ਹੈ ਤੇ ਦੂਜੇ ਪਾਸੇ ਵਿਛੜਨ ਦਾ ਮਲਾਲ ਵੀ ਹੈ। ਅੱਜ ਦਾ ਦਿਨ ਟਿਕਰੀ ਤੇ ਸਿੰਘੂ ਹੱਦ ’ਤੇ ਪੰਜਾਬ-ਹਰਿਆਣਾ ਦੇ ਕਿਸਾਨ ਪਰਿਵਾਰਾਂ ਦੇ ਮੇਲ ਮਿਲਾਪ ਦਾ ਰਿਹਾ। ਦਿੱਲੀ ਦੇ ਕਾਰੋਬਾਰੀ ਲੋਕਾਂ ਨੇ ਕਿਸਾਨਾਂ ਨੂੰ ਅੱਜ ਦਾਅਵਤਾਂ ਵੀ ਦਿੱਤੀਆਂ। ਹਰਿਆਣਾ ਦੇ ਪੇਂਡੂ ਘਰਾਂ ’ਚ ਅੱਜ ਕਿਸਾਨ ਬੀਬੀਆਂ ਨੂੰ ਰੋਟੀ ਖਵਾਈ ਗਈ।
ਕਰੀਬ ਇੱਕ ਵਰ੍ਹੇ ਤੋਂ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ-ਟਿਕਰੀ ਹੱਦ ’ਤੇ ਬੈਠੇ ਹੋਏ ਸਨ। ਇਨ੍ਹਾਂ ਦੇ ਦੁੱਖਾਂ-ਸੁੱਖਾਂ ਦੀ ਇੱਕੋ ਗੱਠੜੀ ਸੀ। ਕਿਸਾਨ ਘੋਲ ਨੇ ਆਪਸੀ ਸਾਂਝ ਨੂੰ ਇੰਨਾ ਪੱਕਾ ਕੀਤਾ ਕਿ ਹੁਣ ਜਦੋਂ ਵਿਦਾ ਹੋਣ ਲੱਗੇ ਹਨ ਤਾਂ ਸਭਨਾਂ ਦੀਆਂ ਅੱਖਾਂ ’ਚ ਹੰਝੂ ਹਨ। ਮੋਗਾ ਜ਼ਿਲ੍ਹੇ ਦੀ ਬਚਿੱਤਰ ਕੌਰ ਤੇ ਸ਼ਿੰਦਰ ਕੌਰ ਨੇ ਹਰਿਆਣਵੀ ਔਰਤਾਂ ਨੂੰ ਅੱਜ ਤੋਹਫੇ ਵਜੋਂ ਸੂਟ ਦਿੱਤੇ। ਹਰਿਆਣਾ ਦੇ ਨਯਾ ਗਾਓਂ ਦੇ ਦੋ ਭਰਾਵਾਂ ਨਰੇਸ਼ ਤੇ ਰਾਕੇਸ਼ ਨੇ ਟਿਕਰੀ ਹੱਦ ’ਤੇ ਕਿਸਾਨ ਆਗੂਆਂ ਨੂੰ ਲੋਈਆਂ ਤੋਹਫੇ ’ਚ ਦਿੱਤੀਆਂ।
ਹਰਿਆਣਾ ਦੇ ਬਹਾਦਰਗੜ੍ਹ ਤੋਂ ਆਏ ਰਾਠੀ ਪਰਿਵਾਰ ਨੇ ਕਿਸਾਨਾਂ ਆਗੂਆਂ ਨੂੰ ਤੋਹਫੇ ’ਚ ਪੱਗਾਂ ਦਿੱਤੀਆਂ। ਡਾ. ਨਵਸ਼ਰਨ ਤਾਂ ਅੱਜ ਇੰਨੀ ਭਾਵੁਕ ਹੋਈ ਕਿ ਸਭ ਝੰਜੋੜੇ ਗਏ। ਦਿੱਲੀ ਦੇ ਕਾਰੋਬਾਰੀ ਲੋਕ ਅੱਜ ਵਿਸ਼ੇਸ਼ ਤੌਰ ’ਤੇ ਕਿਸਾਨਾਂ ਨੂੰ ਬਾਜ਼ਾਰਾਂ ਵਿਚ ਲੈ ਕੇ ਗਏ, ਜਿਥੇ ਦਾਅਵਤਾਂ ਦਿੱਤੀਆਂ। ਹਰਿਆਣਾ ਦੇ ਤਾਊਆਂ ਤੇ ਮਾਝੇ ਦੇ ਭਾਊਆਂ ਵਿਚਾਲੇ ਮੁਹੱਬਤੀ ਜੱਫੀਆਂ ਪਈਆਂ। ਜੀਂਦ ਦੇ ਪਿੰਡ ਕੋਇਲ ਦੇ ਬਜ਼ੁਰਗ ਤਾਊ ਚੰਦਰ ਨੇ ਕਿਹਾ ਕਿ ਅੰਦੋਲਨ ’ਚ ਅੱਜ ਇਹੋ ਪ੍ਰਣ ਲਿਆ ਹੈ ਕਿ ਪੰਜਾਬ-ਹਰਿਆਣਾ ਦੀ ਸਾਂਝ ਦੀ ਤੰਦ ਕਦੇ ਨਾ ਟੁੱਟੇ।
ਦਿੱਲੀ ’ਚੋਂ ਨੌਜਵਾਨ ਕੁੜੀਆਂ ਦੀ ਟੋਲੀ ਨੇ ਅੱਜ ਕਿਸਾਨ ਬੀਬੀਆਂ ਨਾਲ ਕਾਫੀ ਸਮਾਂ ਬਿਤਾਇਆ। ਟਿਕਰੀ ਹੱਦ ਨੇੜਲੇ ਕਈ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਨੂੰ ਆਪੋ ਆਪਣੇ ਘਰਾਂ ਵਿਚ ਰਾਤ ਦੇ ਖਾਣੇ ’ਤੇ ਸੱਦਿਆ। ਕਿਸਾਨ ਘੋਲ ’ਚ ਮਹਿਲਾ ਸਮਿਤੀ ਦੀ ਮੈਂਬਰ ਜਸਬੀਰ ਕੌਰ ਨੱਤ ਨੇ ਕਿਹਾ ਕਿ ਅੱਜ ਪੂਰਾ ਦਿਨ ਯਾਦਾਂ ਤੇ ਵਾਅਦਿਆਂ ਦਾ ਵਟਾਂਦਰਾ ਹੋਇਆ। ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਦਿੱਲੀ ਤੋਂ ਕਿਸਾਨ ਇਕੱਲੀ ਜਿੱਤ ਨਹੀਂ ਬਲਕਿ ਨਵੀਂ ਸੋਚ, ਨਵੇਂ ਇਰਾਦੇ ਅਤੇ ਨਵਾਂ ਭਾਈਚਾਰਾ ਵੀ ਲੈ ਕੇ ਮੁੜ ਰਹੇ ਹਨ।
ਖਾਪ ਪੰਚਾਇਤਾਂ ਨੇ ਵੀ ਪੰਜਾਬੀ ਕਿਸਾਨਾਂ ਨਾਲ ਅੱਜ ਮਿਲਣੀ ਕੀਤੀ। ਦਿੱਲੀ ਦੇ ਸਥਾਨਕ ਛੋਟੇ ਕਾਰੋਬਾਰੀ ਲੋਕ ਜੋ ਸਿੰਘੂ ਅਤੇ ਟਿਕਰੀ ਹੱਦ ਕੋਲ ਟਿਕੇ ਹੋਏ ਸਨ, ਵੀ ਅੱਜ ਭਾਵੁਕ ਸਨ। ਸਨਅਤੀ ਖੇਤਰ ਵਿਚ ਕੰਮ ਕਰਦੇ ਮਜ਼ਦੂਰ ਵੀ ਲੰਗਰ ਚਲਾਉਣ ਵਾਲੇ ਕਿਸਾਨਾਂ ਕੋਲ ਪੁੱਜੇ ਅਤੇ ਉਚੇਚਾ ਧੰਨਵਾਦ ਕੀਤਾ ਕਿ ਕਿਸਾਨ ਘੋਲ ਦੌਰਾਨ ਉਨ੍ਹਾਂ ਨੂੰ ਰੱਜਵੀਂ ਰੋਟੀ ਮਿਲਦੀ ਰਹੀ। ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਅਨੁਸਾਰ ਦਿੱਲੀ ਦੇ ਬਹੁਤੇ ਲੋਕ ਅੱਜ ਇਹ ਹੀ ਭਾਵਨਾ ਸਾਂਝੀ ਕਰ ਕੇ ਗਏ ਕਿ ਉਨ੍ਹਾਂ ਕੋਲੋ ਤਾਂ ਇੱਕ ਘਰ ਖੁਸ ਰਿਹਾ ਹੈ। ਮਾਲੇਰਕੋਟਲਾ ਨੇੜਲੇ ਪਿੰਡ ਹਥਨ ਦੇ ਇੱਕ ਬਜ਼ਰੁਗ ਦਾ ਪੰਜਾਬ-ਹਰਿਆਣਾ ਦੀ ਬਣੀ ਸਾਂਝ ’ਤੇ ਪ੍ਰਤੀਕਰਮ ਸੀ, ‘ਇਵੇਂ ਮਿਲਣ ਗਿਲਣ ਦੇ ਦੇਣ ਤਾਂ ਇਵੇਂ ਹੀ ਲਾਹੌਰ ਜਾ ਵੜੀਏ।’ ਪਿੰਡ ਚੁੱਘੇ ਕਲਾਂ ਦੇ ਕਿਸਾਨ ਰਾਮ ਨਿਰਮਾਣ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਜੋ ਸਬਜ਼ੀਆਂ ਦੀਆਂ ਕਿਆਰੀਆਂ ਉਗਾਈਆਂ ਸਨ, ਉਹ ਅੱਜ ਹਰਿਆਣਾ ਦੇ ਕਿਸਾਨਾਂ ਦੇ ਹਵਾਲੇ ਕਰ ਦਿੱਤੀਆਂ।
ਦਿੱਲੀ ਤੋਂ ਆਉਣ ਵਾਲੇ ਕਿਸਾਨਾਂ ਦੇ ਸਵਾਗਤ ਦੀਆਂ ਤਿਆਰੀਆਂ
ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਵਿੱਚ ਟੌਲ ਪਲਾਜ਼ਿਆਂ, ਕਾਰਪੋਰੇਟ ਘਰਾਣਿਆਂ ਦੇ ਵਪਾਰਕ ਟਿਕਾਣਿਆਂ, ਭਾਜਪਾ ਆਗੂਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ’ਤੇ ਅੱਜ ਕਿਸਾਨ ਮੋਰਚੇ ਦੀ ਜਿੱਤ ਦੇ ਜਸ਼ਨ ਮਨਾਏ ਜਾਣ ਦਾ ਅਮਲ ਜਾਰੀ ਹੈ। ਕਿਸਾਨਾਂ ਵੱਲੋਂ ਦਿੱਲੀ ਤੋਂ ਆਉਣ ਵਾਲੇ ਸਾਥੀਆਂ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਮੋਰਚੇ ਤੋਂ ਮੁਕੰਮਲ ਵਾਪਸੀ ਤਾਂ ਭਾਵੇਂ ਭਲਕੇ 11 ਦਸਬੰਰ ਨੂੰ ਹੋਵੇਗੀ ਭਰ ਟਾਵੀਂ-ਟਾਵੀਂ ਟਰਾਲੀ ਰਾਹੀਂ ਪੰਜਾਬ ਪਹੁੰਚ ਰਹੇ ਅੰਦੋਲਨਕਾਰੀ ਕਿਸਾਨ ਪੰਜਾਬ ’ਚ ਚੱਲ ਰਹੇ ਮੋਰਚਿਆਂ ਵਿੱਚ ਸ਼ਾਮਲ ਹੋ ਕੇ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ। ਪੰਜਾਬ ਭਰ ’ਚ ਚੱਲ ਰਹੇ ਧਰਨਿਆਂ ਦੀ ਸਮਾਪਤੀ 15 ਦਸੰਬਰ ਨੂੰ ਕੀਤੀ ਜਾਣੀ ਹੈ। ਇਸ ਲਈ ਅੰਦੋਲਨਕਾਰੀਆਂ ਨੇ ਐਲਾਨ ਕੀਤਾ ਹੈ ਕਿ 14 ਦਸੰਬਰ ਤਕ ਉਹ ਲੋਕਾਂ ਨੂੰ ਜਾਗਰੂਕ ਕਰ ਕੇ ਭਵਿੱਖ ਵਿੱਚ ਵੀ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦੇਣਗੇ। ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੀ ਮੁਅੱਤਲੀ ਤੋਂ ਬਾਅਦ ਭਲਕੇ 11 ਦਸੰਬਰ ਨੂੰ ਦਿੱਲੀ ਦੇ ਮੋਰਚਿਆਂ ਤੋਂ ਵਾਪਸ ਆਉਣ ਲਈ ‘ਫ਼ਤਹਿ ਮਾਰਚ’ ਸ਼ੁਰੂ ਹੋਣਾ ਹੈ। ਅੱਜ ਧਰਨਿਆਂ ਵਿੱਚ ਦਿੱਲੀ ਤੋਂ ਵਾਪਸ ਆਉਣ ਵਾਲੇ ਯੋਧਿਆਂ ਦੇ ਢੁਕਵੇਂ ਸਨਮਾਨ ਲਈ ਵਿਚਾਰਾਂ ਹੋਈਆਂ। ਹਲਵਾਈਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਢੋਲੀਆਂ ਨੂੰ ਸੱਦੇ ਦਿੱਤੇ ਜਾ ਰਹੇ ਹਨ। ਵਾਲੰਟੀਅਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਦਿੱਲੀ ਤੋਂ ਵਾਪਸ ਆਉਣ ਵਾਲਿਆਂ ਦੇ ਸਵਾਗਤ ਨੂੰ ਯਾਦਗਾਰੀ ਬਣਾਉਣ ਲਈ ਹਰ ਸੰਭਵ ਤਿਆਰੀ ਕੀਤੀ ਜਾ ਰਹੀ ਹੈ।