ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਦਸੰਬਰ
‘ਦਿ ਗਰੇਟ ਖਲੀ’ ਦੇ ਨਾਂ ਨਾਲ ਮਸ਼ਹੂਰ ਸਾਬਕਾ ਪਹਿਲਵਾਨ ਦਲੀਪ ਸਿੰਘ ਰਾਣਾ ਨੇ ਕਿਹਾ ਕਿ ਰਾਜਨੀਤੀ ਵਿੱਚ ਆਉਣ ਦਾ ਇਹ ਸਹੀ ਸਮਾਂ ਨਹੀਂ ਹੈ। ਉਹ ਇੱਕ ਖਿਡਾਰੀ ਹੈ ਤੇ ਖਿਡਾਰੀ ਬਣੇ ਰਹਿਣਾ ਚਾਹੁੰਦਾ ਹੈ। ਇੱਥੇ ਇੱਕ ਨਿੱਜੀ ਸਕੂਲ ਦੇ ਖੇਡ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਦਲੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਉਸ ਦਾ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ।
ਮਹੀਨਾ ਕੁ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਬਾਰੇ ਉਸ ਨੇ ਕਿਹਾ ਇਹ ਆਮ ਬੈਠਕ ਸੀ। ਉਹ ਸਾਰੇ ਮੁੱਖ ਮੰਤਰੀਆਂ ਨੂੰ ਮਿਲਦਾ ਰਹਿੰਦਾ ਹੈ। ਇਸੇ ਤਰ੍ਹਾਂ ਉਹ ਕੇਜਰੀਵਾਲ ਨਾਲ ਵੀ ਮਿਲਿਆ। ਇਸ ਦੌਰਾਨ ਕੋਈ ਸਿਆਸੀ ਗੱਲਬਾਤ ਨਹੀਂ ਹੋਈ।
ਦੇਸ਼ ਵਿੱਚ ਖੇਡਾਂ ਦੇ ਡਿੱਗਦੇ ਮਿਆਰ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਸ ਨੇ ਕਿਹਾ ਕਿ ਜੇ ਖਿਡਾਰੀਆਂ ਨੂੰ ਚੰਗੇ ਮੈਦਾਨ ਤੇ ਚੰਗਾ ਵਾਤਾਵਰਨ ਮਿਲ ਜਾਵੇ ਤਾਂ ਉਹ ਖੇਡਾਂ ਵਿੱਚ ਤਰੱਕੀ ਕਰਨ ਦੇ ਨਾਲ ਹੀ ਨਸ਼ਿਆਂ ਤੋਂ ਵੀ ਬਚ ਸਕਦੇ ਹਨ। ਉਸ ਨੇ ਕਿਹਾ ਕਿ ਸਰਕਾਰੀ ਪੱਧਰ ’ਤੇ ਅਜਿਹੇ ਹਾਲਾਤ ਹਨ ਕਿ ਖਿਡਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ। ਉਸ ਨੇ ਕਿਹਾ ਕਿ ਅੱਜ ਨਸ਼ਿਆਂ ਦੇ ਮੁੱਦੇ ’ਤੇ ਸਿਆਸਤ ਹੋ ਰਹੀ ਹੈ ਪਰ ਪਹਿਲਾਂ ਇਨ੍ਹਾਂ ਸਿਆਸੀ ਆਗੂਆਂ ਦੇ ਡੋਪ ਟੈਸਟ ਹੋਣੇ ਚਾਹੀਦੇ ਹਨ।