ਜੋਗਿੰਦਰ ਸਿੰਘ ਮਾਨ
ਮਾਨਸਾ, 2 ਨਵੰਬਰ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂਵਾਲਾ ਦੀਆਂ ਤਿੰਨ ਬੀਬੀਆਂ ਪਿਛਲੇ ਦਿਨੀਂ ਸ਼ਹੀਦ ਹੋ ਗਈਆਂ ਸਨ। ਉਨ੍ਹਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ 1-1 ਮੈਂਬਰ ਨੂੰ ਸਰਕਾਰੀ ਨੌਕਰੀ, ਪਰਿਵਾਰਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਖ਼ਤਮ ਕਰਵਾਉਣ ਅਤੇ ਫੱਟੜ ਹੋਈਆਂ ਬੀਬੀਆਂ ਦੇ ਇਲਾਜ ’ਤੇ ਹੋ ਰਹੇ ਖ਼ਰਚੇ ਤੁਰੰਤ ਦਿੱਤੇ ਜਾਣ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਪੰਜਾਬ ਸਰਕਾਰ ਖ਼ਿਲਾਫ਼ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇੱਕ ਸਾਲ ਤੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਚੱਲ ਰਿਹਾ ਹੈ। ਹੁਣ ਤੱਕ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਿੰਡ ਖੀਵਾ ਦੀਆਂ ਤਿੰਨ ਬੀਬੀਆਂ ਵੀ ਸ਼ਹੀਦਾਂ ਵਿਚ ਸ਼ਾਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਘਟਨਾ ਵਿੱਚ ਸ਼ਹੀਦ ਹੋਈਆਂ ਬੀਬੀਆਂ ਦੀ ਕੁਰਬਾਨੀ ਨੂੰ ਅੱਖੋਂ-ਪਰੋਖੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਗੁੰਡਿਆਂ ਵੱਲੋਂ ਸੰਘਰਸ਼ੀ ਕਿਸਾਨਾਂ ’ਤੇ ਜੀਪ ਚੜ੍ਹਾ ਕੇ ਚਾਰ ਕਿਸਾਨ ਸ਼ਹੀਦ ਕਰ ਦਿੱਤੇ ਗਏ ਸਨ, ਜਿੱਥੇ ਪੰਜਾਬ ਦੇ ਮੁੱਖ ਚਰਨਜੀਤ ਸਿੰਘ ਚੰਨੀ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਗਏ ਸਨ। ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੇ ਕੇ ਆਏ ਹਨ। ਉਸ ਸਮੇਂ ਮੁੱਖ ਮੰਤਰੀ ਵੱਲੋਂ ਚੁੱਕਿਆ ਕਦਮ ਸ਼ਲਾਘਾਯੋਗ ਸੀ, ਪਰ ਉਸੇ ਤਰ੍ਹਾਂ ਦੀ ਘਟਨਾ ਵਿੱਚ ਦਿੱਲੀ ਦੇ ਬਾਰਡਰ ’ਤੇ ਖੀਵਾ ਦਿਆਲੂਵਾਲਾ ਦੀਆਂ ਅਮਰਜੀਤ ਕੌਰ, ਸੁਖਵਿੰਦਰ ਸਿੰਘ ਤੇ ਗੁਰਮੇਲ ਕੌਰ ਸ਼ਹੀਦ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਖੁੱਲ੍ਹੇ ਦਿਲ ਨਾਲ ਮਦਦ ਕਰਨ ਦੀ ਬਜਾਇ, ਆਪਣੇ ਖਜ਼ਾਨੇ ਦੇ ਬੂਹੇ ਬੰਦ ਕਰ ਲਏ ਹਨ। ਇਨ੍ਹਾਂ ਨੂੰ ਖੁੱਲ੍ਹਵਾਉਣ ਲਈ ਜਥੇਬੰਦੀ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਲਾਵੇਗੀ। ਇਸ ਦਾ ਐਲਾਨ 7 ਨਵੰਬਰ ਨੂੰ ਸ਼ਹੀਦ ਬੀਬੀਆਂ ਦੇ ਭੋਗ ਸਮਾਗਮ ’ਤੇ ਪਿੰਡ ਖੀਵਾ ਦਿਆਲੂਵਾਲਾ ਵਿਚ ਕੀਤਾ ਜਾਵੇਗਾ।
ਇਸ ਮੌਕੇ ਭੋਲਾ ਸਿੰਘ ਮਾਖਾ, ਸਾਧੂ ਸਿੰਘ ਅਲੀਸ਼ੇਰ, ਰਾਜਵੀਰ ਕੌਰ ਦੋਦੜਾ, ਮਲਕੀਤ ਸਿੰਘ ਕੋਟ ਧਰਮੂ, ਜਗਸੀਰ ਸਿੰਘ ਜਵਾਹਰਕੇ, ਬਲਵੰਤ ਸਿੰਘ ਰੜ੍ਹ, ਹਰਿੰਦਰ ਸਿੰਘ ਟੋਨੀ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਸਮਾਓਂ ਨੇ ਸੰਬੋਧਨ ਕੀਤਾ।