ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਪਰੈਲ
ਪੰਜਾਬ ਦੇ ਸਿਹਤ ਵਿਭਾਗ ਨੇ ਸੂਬੇ ’ਚ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਹੋਣ ਵਾਲੀ ਮਿਲਾਵਟਖੋਰੀ ’ਤੇ ਨੱਥ ਪਾਉਣ ਲਈ ਅੰਤਰ ਜ਼ਿਲ੍ਹਾ ਸਿਹਤ ਟੀਮਾਂ ਤਾਇਨਾਤ ਕੀਤੀਆਂ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਟੀਮਾਂ ਨੇ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਜਾਂਚ ਕਰਦਿਆਂ 65 ਸੈਂਪਲ ਲਏ ਹਨ। ਮੁਹਾਲੀ ਵਿੱਚ ਸੰਗਰੂਰ ਤੋਂ ਆਈ ਟੀਮ ਨੇ 12 ਸੈਂਪਲ ਲਏ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਵਿੱਚ ਅੰਮ੍ਰਿਤਸਰ ਤੋਂ ਆਈ ਟੀਮ ਨੇ ਪੰਜਾਬ ਐਗਰੋ ਫੂਡਜ਼ ਵਿੱਲ ਮੇਹਲੋਂ ਫੋਕਲ ਪੁਆਇੰਟ ਨਾਮੀ ਪੈਕਿੰਗ ਯੂਨਿਟ ਤੋਂ 795 ਲੀਟਰ ਸ਼ੱਕੀ ਦੇਸੀ ਘਿਓ ਜ਼ਬਤ ਕੀਤਾ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੰਜ ਸੈਂਪਲ ਲਏ ਗਏ। ਮਾਨਸਾ ਵਿਖੇ ਬਠਿੰਡਾ ਤੋਂ ਆਈ ਟੀਮ ਨੇ 8 ਸੈਂਪਲ, ਬਰਨਾਲਾ ਜ਼ਿਲ੍ਹੇ ਵਿੱਚ ਮਾਨਸਾ ਤੋਂ ਆਈ ਟੀਮ ਨੇ 8 ਸੈਂਪਲ, ਸੰਗਰੂਰ ਜ਼ਿਲ੍ਹੇ ਵਿੱਚ ਫਤਿਹਗੜ੍ਹ ਸਾਹਿਬ ਦੀ ਟੀਮ ਨੇ 9 ਸੈਂਪਲ, ਪਟਿਆਲਾ ਜ਼ਿਲ੍ਹੇ ਵਿੱਚ ਲੁਧਿਆਣਾ ਦੀ ਟੀਮ ਨੇ 13 ਸੈਂਪਲ ਲਏ ਹਨ।