ਪੱਤਰ ਪ੍ਰੇਰਕ
ਅਜਨਾਲਾ, 16 ਸਤੰਬਰ
ਥਾਣਾ ਅਜਨਾਲਾ ਦੀ ਪੁਲੀਸ ਵੱਲੋਂ ਟਿਫ਼ਨ ਬੰਬ ਮਾਮਲੇ ਅਤੇ ਕਤਲ ਕੇਸ ਸਮੇਤ ਤੇਲ ਟੈਂਕਰ ਨੂੰ ਅੱਗ ਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਨੂੰ ਅੱਜ ਅਦਾਲਤ ਨੇ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਥਾਣਾ ਅਜਨਾਲਾ ਦੇ ਐੱਸਐੱਸਓ ਮੋਹਿਤ ਕੁਮਾਰ ਨੇ ਦੱਸਿਆ ਕਿ ਵੱਖ ਵੱਖ ਗਤੀਵਿਧੀਆਂ ’ਚ ਸ਼ਾਮਲ ਤਿੰਨ ਮੁਲਜ਼ਮਾਂ ਗੁਰਪ੍ਰੀਤ ਗੋਪੀ ਵਾਸੀ ਉਗਰ ਔਲਖ, ਵਿੱਕੀ ਮਸੀਹ ਵਾਸੀ ਬੱਲ੍ਹਰਵਾਲ ਅਤੇ ਗੁਰਲਾਲ ਸਿੰਘ ਉਰਫ਼ ਮਲਕੀਤ ਵਾਸੀ ਉਗਰ ਔਲਖ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਮੁਲਜ਼ਮਾਂ ਦਾ ਚਾਰ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਗੰਭੀਰਤਾ ਨਾਲ ਕੀਤੀ ਜਾਣ ਵਾਲੀ ਪੁੱਛ-ਪੜਤਾਲ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।