ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 26 ਅਕਤੂਬਰ
ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਪੰਜਾਬ ’ਚ ਬੀਐੱਸਐੱਫ਼ ਦੀਆਂ ਤਾਕਤਾਂ ਵਧਾਉਣ ਅਤੇ ਸੂਬੇ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਮੁੱਦੇ ’ਤੇ ਅੱਜ ਇੱਥੇ ਫੇਜ਼-3ਏ ਸਥਿਤ ਐੱਫ਼ਪੀਏ ’ਚ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ। ਜਿਸ ਮਗਰੋਂ ਵਿਦਿਆਰਥੀਆਂ ਨੇ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਵੱਲ ਕੂਚ ਕਰਨ ਦਾ ਯਤਨ ਕੀਤਾ, ਪਰ ਮੁਹਾਲੀ ਪੁਲੀਸ ਨੇ ਮੁਹਾਲੀ-ਚੰਡੀਗੜ੍ਹ ਦੀ ਹੱਦ ’ਤੇ ਬੈਰੀਕੇਡਿੰਗ ਕਰਕੇ ਨੌਜਵਾਨਾਂ ਦਾ ਰਾਹ ਰੋਕ ਲਿਆ। ਇਸ ਦੌਰਾਨ ਪੁਲੀਸ ਵੱਲੋਂ ਨੌਜਵਾਨਾਂ ਦੀ ਖਿੱਚ-ਧੂਹ ਵੀ ਕੀਤੀ ਗਈ। ਉਧਰ, ਚੰਡੀਗੜ੍ਹ ਦੇ ਮੈਜਸਿਟਰੇਟ ਮਨਦੀਪ ਢਿੱਲੋਂ ਨੇ ਧਰਨੇ ’ਚ ਪਹੁੰਚ ਕੇ ਨੌਜਵਾਨਾਂ ਤੋਂ ਮੰਗ ਪੱਤਰ ਲਿਆ ਤੇ ਰਾਜਪਾਲ ਰਾਹੀਂ ਕੇਂਦਰ ਨੂੰ ਭੇਜਣ ਦਾ ਭਰੋਸਾ ਦਿੱਤਾ।
ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈ਼ਸਰ ਸ਼ਮਸੁਲ ਇਸਲਾਮ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ਼ ਦੀ ਤਾਇਨਾਤੀ ਲਈ ਨਸ਼ਾ ਤਸਕਰੀ ਰੋਕਣ ਦਾ ਤਰਕ ਦੇਣਾ ਵਾਜਬ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਬੀਐੱਸਐੱਫ਼ ਦਾ ਘੇਰਾ 80 ਕਿਲੋਮੀਟਰ ਤੱਕ ਹੈ, ਪਰ ਪਿਛਲੇ ਦਿਨੀਂ ਉੱਥੇ 2 ਹਜ਼ਾਰ ਕਰੋੜ ਦੀ ਹੈਰੋਇਨ ਫੜੀ ਗਈ ਹੈ। ਉੱਥੇ ਉਲਟਾ ਬੀਐੱਸਐੱਫ਼ ਦਾ ਘੇਰਾ ਘਟਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ ਤੇ ਐੱਨਬੀਐੱਸ ਦੇ ਸੂਬਾ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਪਹਿਲਾਂ ਜੰਮੂ ਕਸ਼ਮੀਰ ਦੀ ਧਾਰਾ 370 ਨੂੰ ਖ਼ਤਮ ਕੀਤਾ, ਫਿਰ ਉਸ ਨੂੰ ਦੋ ਹਿੱਸਿਆਂ ’ਚ ਵੰਡ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ, ਮਗਰੋਂ ਨਾਗਰਿਕਤਾ ਸੋਧ ਕਾਨੂੰਨ ਬਣਾ ਕੇ ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਦਾ ਵਿਸ਼ਾ ਸੂਬਿਆਂ ਦਾ ਹੈ, ਜਿਸ ਦੀ ਉਲੰਘਣਾ ਕਰਕੇ ਧੱਕੇ ਨਾਲ ਖੇਤੀ ਕਾਨੂੰਨ ਥੋਪੇ ਗਏ।
ਪੰਜਾਬ ਦਾ ਵੱਡਾ ਹਿੱਸਾ ਬੀਐੱਸਐੱਫ਼ ਦੇ ਕੰਟਰੋਲ ਹੇਠ ਕਰਨ ਦਾ ਮਤਲਬ ਅਸਿੱਧੇ ਰੂਪ ’ਚ ਕੇਂਦਰ ਦੀ ਸਿੱਧੀ ਦਖ਼ਲਅੰਦਾਜ਼ੀ ਨੂੰ ਵਧਾਉਣਾ ਹੈ। ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨ ਕਾਰਨ ਪੰਜਾਬ ਵਿੱਚ ਭਾਜਪਾ ਦੀ ਹੋਂਦ ਦਿਨ ਪ੍ਰਤੀ ਦਿਨ ਖ਼ਤਮ ਹੁੰਦੀ ਜਾ ਰਹੀ ਹੈ। ਜਿਸ ਕਾਰਨ ਕੇਂਦਰ ਨੇ ਸਰਹੱਦਾਂ ਦੀ ਸੁਰੱਖਿਆ ਦੇ ਪਰਦੇ ਹੇਠ ਬੀਐੱਸਐੱਫ਼ ਦੀ ਛੱਤਰੀ ਹੇਠ ਸਿਆਸੀ ਸਰਗਰਮੀਆਂ ਤੇਜ਼ ਕਰਨ ਲਈ ਨਵਾਂ ਪੈਂਤੜਾ ਖੇਡਿਆ ਹੈ।