ਚੰਡੀਗੜ੍ਹ, 1 ਸਤੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਉਤੇ ਹੋਏ ਹਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾ ਦਿੱਤੀ ਗਈ ਹੈ। ਡੀਜੀਪੀ ਦਿਨਕਰ ਗੁਪਤਾ ਅਨੁਸਾਰ ਹਾਲਾਂਕਿ ਮੁੱਢਲੀ ਜਾਂਚ ਦੌਰਾਨ ਇਹ ਸੰਕੇਤ ਮਿਲੇ ਹਨ ਕਿ ਇਸ ਹਮਲੇ ਪਿੱਛੇ ਗੈਰ-ਅਧਿਸੂਚਿਤ ਜਰਾਇਮ ਕਬੀਲਿਆਂ ਦਾ ਹੱਥ ਹੈ ਜਿਨ੍ਹਾਂ ਨੂੰ ਅਕਸਰ ਹੀ ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ਦੇ ਨਾਲ ਅਜਿਹੀਆਂ ਵਾਰਦਾਤਾਂ ਕਰਦੇ ਦੇਖਿਆ ਜਾਂਦਾ ਹੈ ਪਰ ਫੇਰ ਵੀ ਐਸ.ਆਈ.ਟੀ. ਨੂੰ ਇਸ ਮਾਮਲੇ ਨਾਲ ਜੁੜੇ ਹਰ ਪੱਖ ਨੂੰ ਘੋਖਣ ਲਈ ਆਖਿਆ ਗਿਆ ਹੈ। ਇਸ ਮਾਮਲੇ ਦੀ ਦਿਨ-ਰਾਤ ਜਾਂਚ ਲਈ ਸੰਗਠਿਤ ਅਪਰਾਧ ਰੋਕੂ ਯੂਨਿਟ ਦੀਆਂ ਵਿਸ਼ੇਸ਼ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਅਪਰਾਧਾਂ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਅੰਤਰ-ਰਾਜੀ ਛਾਪੇਮਾਰੀ ਜਾਰੀ ਹੈ ਅਤੇ 35 ਤੋਂ ਵੱਧ ਸ਼ੱਕੀ ਵਿਅਕਤੀ ਨਿਗਰਾਨੀ ਹੇਠ ਹਨ। ਹਿਮਾਚਲ ਤੇ ਉੱਤਰ ਪ੍ਰਦੇਸ਼ ਦੇ ਕੁਝ ਵਿਅਕਤੀਆਂ ਦੀ ਸ਼ੱਕੀਆਂ ਵਜੋਂ ਸ਼ਨਾਖ਼ਤ ਹੋਈ ਹੈ। ਗੁਰਦਾਸਪੁਰ, ਤਰਨ ਤਾਰਨ ਤੇ ਅੰਮ੍ਰਿਤਸਰ ਵਿਖੇ ਵੀ ਛਾਪੇ ਮਾਰੇ ਗਏ ਹਨ। ਮ੍ਰਿਤਕ ਅਸ਼ੋਕ ਕੁਮਾਰ ਨਾਲ ਕੰਮ ਕਰਦੇ ਛੇ ਮਜ਼ਦੂਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਅਪਰਾਧ ਵਾਲੀ ਜਗ੍ਹਾ ਅਤੇ ਨੇੜਲੇ ਸਥਾਨਾਂ ਦੇ ਟਾਵਰ ਡੰਪਸ ਲੈ ਕੇ ਤਕਨੀਕੀ ਵਿਸ਼ਲੇਸ਼ਣ ਲਈ ਭੇਜ ਦਿੱਤੇ ਗਏ ਹਨ। ਜਾਂਚ ਵਿੱਚ ਇਹ ਵੀ ਸੰਕੇਤ ਮਿਲੇ ਹਨ ਕਿ ਅਪਰਾਧੀਆਂ ਦੀ ਗੁਆਂਢ ਵਿਚਲੇ ਤਿੰਨ ਹੋਰ ਘਰਾਂ ਨੂੰ ਵੀ ਲੁੱਟਣ ਦੀ ਯੋਜਨਾ ਸੀ। ਐਸ.ਆਈ.ਟੀ. ਦੀ ਅਗਵਾਈ ਆਈ.ਜੀ.ਪੀ. ਬਾਰਡਰ ਰੇਂਜ (ਅੰਮ੍ਰਿਤਸਰ) ਐੱਸ.ਪੀ.ਐੱਸ. ਪਰਮਾਰ ਕਰ ਰਹੇ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸੂਬੇ ਵਿਚ ਪਿਛਲੇ ਸਮੇਂ ਦੌਰਾਨ ਲੁੱਟਾਂ-ਖੋਹਾਂ, ਡਕੈਤੀਆਂ ਤੇ ਹਥਿਆਰਬੰਦ ਡਕੈਤੀਆਂ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਜੋ ਲੋਕ ਰਾਜ ਵਿਚ ਸੱਤਾ ਦਾ ਸੁੱਖ ਭੋਗ ਰਹੇ ਹਨ, ਉਨ੍ਹਾਂ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ ਤੇ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ਆਸਰੇ ਛੱਡ ਦਿੱਤਾ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਵਿਚ ਮਹਿਲਾਵਾਂ ਵੀ ਸੁਰੱਖਿਅਤ ਨਹੀਂ ਹਨ।
ਸੁਰੇਸ਼ ਰੈਣਾ ਨੇ ਭੂਆ ਦੇ ਪਰਿਵਾਰ ’ਤੇ ਹੋਏ ਹਮਲੇ ਦੀ ਜਾਂਚ ਮੰਗੀ
ਪਠਾਨਕੋਟ (ਐਨ.ਪੀ. ਧਵਨ ): ਇੱਥੋਂ ਨੇੜਲੇ ਪਿੰਡ ਥਰਿਆਲ ਵਿੱਚ 19-20 ਅਗਸਤ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ ਵਿੱਚ ਦਾਖ਼ਲ ਹੋ ਕੇ ਸੁੱਤੇ ਪਏ ਮੈਂਬਰਾਂ ਉਪਰ ਕੀਤੇ ਗਏ ਜਾਨਲੇਵਾ ਹਮਲੇ ਬਾਰੇ ਪੁਲੀਸ ਅਜੇ ਤੱਕ ਹਨੇਰੇ ਵਿੱਚ ਹੀ ਹੱਥ-ਪੈਰ ਮਾਰ ਰਹੀ ਹੈ ਤੇ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਦੱਸਣਯੋਗ ਹੈ ਕਿ ਹਮਲੇ ਵਿਚ ਜਾਨ ਗੁਆਉਣ ਵਾਲੇ ਅਸ਼ੋਕ ਕੁਮਾਰ ਉੱਘੇ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇ ਵਿਚ ਫੁੱਫੜ ਲੱਗਦੇ ਸਨ। ਭੂਆ ਦੇ ਲੜਕੇ ਤੇ ਮ੍ਰਿਤਕ ਦੇ ਵੱਡੇ ਬੇਟੇ ਕੁਸ਼ਲ ਕੁਮਾਰ (33) ਨੇ ਵੀ ਸੋਮਵਾਰ ਦੇਰ ਰਾਤ ਦਮ ਤੋੜ ਦਿੱਤਾ ਹੈ। ਰੈਣਾ ਦੀ ਭੂਆ ਆਸ਼ਾ ਰਾਣੀ (55) ਤੇ ਉਸ ਦੀ ਸੱਸ ਸੱਤਿਆ ਦੇਵੀ (80) ਤੇ ਛੋਟਾ ਬੇਟਾ ਅਪਨ ਕੁਮਾਰ (28) ਵੀ ਹਸਪਤਾਲ ਵਿੱਚ ਦਾਖ਼ਲ ਹਨ ਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਸੁਰੇਸ਼ ਰੈਣਾ ਨੇ ਹੁਣ ਟਵੀਟ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਤੇਜ਼ ਕਰਨ ਤੇ ਹਮਲਾਵਰਾਂ ਦਾ ਜਲਦੀ ਪਤਾ ਲਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਸਿੱਟ ਹਵਾਲੇ ਕਰ ਦਿੱਤੀ ਹੈ। ਰੈਣਾ ਨੇ ਲਿਖਿਆ, ‘ਮੇਰੇ ਪਰਿਵਾਰ ਉਤੇ ਪੰਜਾਬ ਵਿੱਚ ਬੇਹੱਦ ਡਰਾਉਣ ਵਾਲਾ ਜਾਨਲੇਵਾ ਹਮਲਾ ਹੋਇਆ ਹੈ। ਮੇਰੇ ਫੁੱਫੜ ਦੀ ਮੌਤ ਹੋ ਗਈ ਜਦਕਿ ਮੇਰੀ ਭੂਆ ਤੇ ਦੋਵੇਂ ਭਰਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਵਿੱਚੋਂ ਵੀ ਇੱਕ ਭਰਾ ਦੀ ਬੀਤੀ ਰਾਤ ਮੌਤ ਹੋ ਗਈ ਹੈ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਹਮਲਾ ਕਿਸ ਨੇ ਕੀਤਾ ਤੇ ਕਿਉਂ ਕੀਤਾ। ਇਸ ਕਰਕੇ ਪੁਲੀਸ ਮੁਖੀ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਸ ਦਾ ਪਤਾ ਲਾਇਆ ਜਾਵੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਕਿ ਉਹ ਇਸ ਤਰ੍ਹਾਂ ਦਾ ਕੋਈ ਹੋਰ ਅਪਰਾਧ ਨਾ ਕਰ ਸਕਣ।’ ਦਮ ਤੋੜ ਗਏ ਕੁਸ਼ਲ ਕੁਮਾਰ ਦੇ ਪਿਤਾ ਅਸ਼ੋਕ ਕੁਮਾਰ ਦਾ ਸੋਮਵਾਰ ਹੀ ਸੋਗ ਸਮਾਗਮ ਹੋਇਆ ਸੀ ਤੇ ਰਿਸ਼ਤੇਦਾਰ ਅਸਥੀਆਂ ਲੈ ਕੇ ਹਰਿਦੁਆਰ ਗਏ ਹੋਏ ਸਨ। ਪੁਲੀਸ ਨੇ ਸਿਵਲ ਹਸਪਤਾਲ ਪਠਾਨਕੋਟ ਵਿੱਚ ਅੱਜ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਪਠਾਨਕੋਟ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਪੁਲੀਸ ਟੀਮਾਂ ਦਿਨ-ਰਾਤ ਇਸ ਕੇਸ ਨੂੰ ਸੁਲਝਾਉਣ ਵਿੱਚ ਜੁਟੀਆਂ ਹੋਈਆਂ ਹਨ। ਉਨ੍ਹਾਂ ਨੂੰ ਕੁਝ ਪੁਖ਼ਤਾ ਲੀਡ ਮਿਲੀ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਗਿਆ ਸੀ।