ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 2 ਜੂਨ
ਬਠਿੰਡਾ-ਡੱਬਵਾਲੀ ਰੋਡ ਬੀਤੀ ਰਾਤ ਹਾਦਸੇ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪਥਰਾਲਾ ਚੌਕੀ ਦੇ ਇੰਚਾਰਜ ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਨੂੰ ਬਠਿੰਡਾ-ਡੱਬਵਾਲੀ ਸੜਕ ‘ਤੇ ਪਿੰਡ ਪਥਰਾਲਾ ਨੇੜੇ ਕਾਰ ਅਤੇ ਅਣਪਛਾਤੇ ਵਾਹਨ ਦੀ ਟੱਕਰ ’ਚ ਕਾਰ ਸਵਾਰ ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਜਸਵੀਰ ਸਿੰਘ ਆਪਣਾ ਮਕਾਨ ਬਣਾ ਰਿਹਾ ਸੀ ਜਿਸ ਕਰਕੇ ਮਿਸਤਰੀ ਚਾਨਣ ਸਿੰਘ ਪੁੱਤਰ ਗੁਰਤੇਜ ਸਿੰਘ ਅਤੇ ਜਗਜੀਤ ਸਿੰਘ ਪੁੱਤਰ ਹਰੀ ਸਿੰਘ ਉਸ ਦੇ ਘਰ ਕੰਮ ਕਰਦੇ ਸਨ। ਰਾਤ ਨੂੰ ਕੰਮ ਉਪਰੰਤ ਤਿੰਨੇ ਡੂੰਮਵਾਲੀ ਕਿਸੇ ਢਾਬੇ ਉੱਪਰ ਰੋਟੀ ਖਾਣ ਚਲੇ ਗਏ। ਢਾਬੇ ਤੋਂ ਵਾਪਸ ਆਉਂਦਿਆਂ ਪਿੰਡ ਪਥਰਾਲਾ ਨੇੜੇ ਮਰੂਤੀ ਕਾਰ ਡੀਐੱਲ 08 ਸੀਡੀ 8647 ਨੂੰ ਕਿਸੇ ਅਣਪਛਾਤੇ ਵਾਹਨ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਚਾਨਣ ਸਿੰਘ (24) ਅਤੇ ਜਗਜੀਤ ਸਿੰਘ (22) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਮਨਦੀਪ ਸਿੰਘ (28) ਦੀ ਹਸਪਤਾਲ ਜਾਂਦਿਆਂ ਰਾਸਤੇ ਵਿੱਚ ਮੌਤ ਹੋ ਗਈ। ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ਾਂ ਪੋਸਟਮਾਰਟਮ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।