ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਇਸ ਸ਼ਹਿਰ ਕੋਲੋਂ ਲੰਘਦੇ ਰੌਂਤਾ ਰਜਵਾਹੇ ਵਿੱਚ ਅੱਜ ਦੇਰ ਸ਼ਾਮ ਡੁੱਬਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਨਵਦੀਪ ਸਿੰਘ, ਵਿਵੇਕ ਕੁਮਾਰ ਅਤੇ ਪਵਿਤਰ ਸਿੰਘ ਵਾਸੀਆਨ ਭਗਤਾ ਭਾਈ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਦੀ ਉਮਰ ਕਰੀਬ 18 ਸਾਲ ਸੀ। ਜਦੋਂ ਅੱਜ ਸ਼ਾਮ ਇਹ ਤਿੰਨੋਂ ਜਣੇ ਰੱਸੀ ਫੜ ਕੇ ਸੁਖਾਨੰਦ ਵਾਲੇ ਪਾਸੇ ਰਜਵਾਹੇ ਵਿੱਚ ਨਹਾ ਰਹੇ ਸਨ ਤਾਂ ਰੱਸੀ ਟੁੱਟਣ ਕਾਰਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਨੇ ਇਨ੍ਹਾਂ ਨੂੰ ਬਾਹਰ ਕੱਢ ਕੇ ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਨ੍ਹਾਂ ਤਿੰਨਾਂ ਮੁੰਡਿਆਂ ਨੇ ਇਸੇ ਸਾਲ ਬਾਰ੍ਹਵੀਂ ਦੇ ਪੇਪਰ ਦਿੱਤੇ ਸਨ। ਇਨ੍ਹਾਂ ਵਿੱਚੋਂ ਵਿਵੇਕ ਕੁਮਾਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।