ਸ਼ਗਨ ਕਟਾਰੀਆ/ਧਰਮਪਾਲ ਸਿੰਘ ਤੂਰ
ਬਠਿੰਡਾ/ਸੰਗਤ ਮੰਡੀ, 25 ਅਕਤੂਬਰ
ਪੁਲੀਸ ਨੇ ਤਿੰਨ ਨੌਜਵਾਨਾਂ ਕੋਲੋਂ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਬਰਾਮਦ ਹੈਰੋਇਨ ਦੀ ਕੀਮਤ 15-20 ਕਰੋੜ ਰੁਪਏ ਹੈ। ਹੈਰੋਇਨ ਦੇ ਪੈਕੇਟਾਂ ’ਤੇ ਅਫ਼ਗਾਨਿਸਤਾਨ ਦੀ ਮੋਹਰ ਲੱਗੀ ਹੋਈ ਹੈ। ਐੱਸਐੱਸਪੀ ਜੇ. ਇਲਨਚੇਲੀਅਨ ਨੇ ਅੱਜ ਇੱਥੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮਾਂ ਨੂੰ ਡੱਬਵਾਲੀ-ਬਠਿੰਡਾ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਵਿੱਚ ਸਥਿਤ ਪੁਲੀਸ ਨਾਕੇ ’ਤੇ ਚੈਕਿੰਗ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਤਿੰਨ ਨੌਜਵਾਨ ਸਕਾਰਪੀਓ ਗੱਡੀ ਰਾਹੀਂ ਜੇਸਲਮੇਰ ਤੋਂ ਆ ਰਹੇ ਸਨ। ਪੁਲੀਸ ਚੌਕੀ ਪਥਰਾਲਾ ਦੇ ਇੰਚਾਰਜ ਹਰਬੰਸ ਸਿੰਘ ਨੇ ਜਦੋਂ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਤਿੰਨ ਕਿਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਤਿੰਨਾਂ ਖ਼ਿਲਾਫ਼ ਥਾਣਾ ਸੰਗਤ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਸ਼ਵਨੀ ਕੁਮਾਰ ਵਾਸੀ ਸਲੇਮਪੁਰ (ਹੁਸ਼ਿਆਰਪੁਰ), ਸਾਹਿਲ ਮੱਟੂ ਉਰਫ਼ ਰੌਬਿਨ ਵਾਸੀ ਹਰੀਪੁਰ ਪੈਡਲ, ਰਘੂਨਾਥਪੁਰ ਜ਼ਿਲ੍ਹਾ ਕਠੂਆ (ਜੰਮੂ ਕਸ਼ਮੀਰ), ਅਜੈਬੀਰ ਸਿੰਘ ਬਿੱਲਾ ਵਾਸੀ ਸਰਾਏ ਅਮਾਨਤ ਖ਼ਾਨ (ਤਰਨ ਤਾਰਨ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਵਿੱਚ ਪਤਾ ਚੱਲਿਆ ਕਿ ਸਾਹਿਲ ਮੱਟੂ ਅਤੇ ਅਜੈਬੀਰ ਸਿੰਘ ਦੇ ਇਕੱਠਿਆਂ ਜੇਲ੍ਹ ’ਚ ਬੰਦ ਰਹਿਣ ਸਮੇਂ ਇਨ੍ਹਾਂ ਦੇ ਸਬੰਧ ਸਤਿੰਦਰ ਸਿੰਘ ਉਰਫ਼ ਕਾਲਾ ਪਲੇਹੀ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਬਣ ਗਏ ਸਨ। ਦੋਵੇਂ ਜਦੋਂ ਜ਼ਮਾਨਤ ’ਤੇ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਕਾਲਾ ਪਲੇਹੀ ਨੇ ਇਨ੍ਹਾਂ ਨਾਲ ਸੰਪਰਕ ਕਰ ਕੇ ਹੈਰੋਇਨ ਲੈਣ ਲਈ ਜੈਸਲਮੇਰ ਭੇਜ ਦਿੱਤਾ ਅਤੇ ਰਸਤੇ ਵਿੱਚ ਪੁਲੀਸ ਨੇ ਕਾਬੂ ਕਰ ਲਏ।