ਪੱਤਰ ਪ੍ਰੇਰਕ
ਅਟਾਰੀ, 23 ਮਈ
ਭਾਰਤ-ਪਾਕਿਸਤਾਨ ਵਿਚਾਲੇ ਸਦਭਾਵਨਾ ਬਣਾਈ ਰੱਖਣ ਲਈ ਕੇਂਦਰੀ ਜੇਲ੍ਹ ਅੰਮ੍ਰਿਤਸਰ ’ਚੋਂ ਰਿਹਾਅ ਕੀਤੇ ਤਿੰਨ ਪਾਕਿਸਤਾਨੀ ਕੈਦੀ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤ ਗਏ। ਸਰਹੱਦ ’ਤੇ ਇਨ੍ਹਾਂ ਕੈਦੀਆਂ ਨੂੰ ਸੀਮਾ ਸੁਰੱਖਿਆ ਬਲ ਵੱਲੋਂ ਪਾਕਿਸਤਾਨ ਰੇਂਜਰਜ਼ ਹਵਾਲੇ ਕੀਤਾ ਗਿਆ। ਇਸ ਮੌਕੇ ਸਰਹੱਦ ਦੇ ਦੋਵੇਂ ਪਾਸੇ ਕਸਟਮ, ਇਮੀਗ੍ਰੇਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ। ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ਤੋਂ ਰਿਹਾਅ ਹੋ ਕੇ ਪਰਤੇ ਇਨ੍ਹਾਂ ਕੈਦੀਆਂ ਵਿੱਚ ਅਦਨਾਨ ਅਲੀ ਵਾਸੀ ਅਰਸਾਲ ਨਗਰ, ਥਾਣਾ ਗੰਡਾ ਸਿੰਘ ਵਾਲਾ, ਜ਼ਿਲ੍ਹਾ ਕਸੂਰ, ਮੁਹੰਮਦ ਲਤੀਫ਼ ਵਾਸੀ ਮਕਾਨ ਨੰਬਰ 37/2 ਆਰਕੇ ਥਾਣਾ ਆਬਾਦੀ ਸਦਰ ਜ਼ਿਲ੍ਹਾ ਉਕਾੜਾ ਤੇ ਤੀਜਾ ਕੈਦੀ ਮੁਹੰਮਦ ਸੈਫ਼ ਵਾਸੀ ਮਕਾਨ ਨੰਬਰ 38/2 ਆਰਕੇ ਥਾਣਾ ਅਬਾਦੀ ਨਗਰ, ਜ਼ਿਲ੍ਹਾ ਉਕਾੜਾ ਸ਼ਾਮਲ ਸਨ। ਇਹ ਤਿੰਨੇ ਵਿਅਕਤੀ ਕੰਡਿਆਲੀ ਤਾਰ ਲੰਘ ਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਸਨ।