ਨਿੱਜੀ ਪੱਤਰ ਪ੍ਰੇਰਕ
ਨਾਭਾ, 30 ਮਾਰਚ
ਇੱਥੇ ਨਸ਼ੇ ਦੇ ਆਦੀ ਇਕ ਨੌਜਵਾਨ ਨੇ ਆਪਣੀ ਤਿੰਨ ਮਹੀਨੇ ਦੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਦੀ ਪਛਾਣ ਅਜੈ ਕੁਮਾਰ (32) ਵਜੋਂ ਹੋਈ ਹੈ। ਬੱਚੀ ਦੇ ਦਾਦਾ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਕਰਨ ਦਾ ਆਦੀ ਸੀ। ਬੀਤੀ ਰਾਤ ਉਸ ਦੀ ਆਪਣੀ ਪਤਨੀ ਨਾਲ ਬਹਿਸ ਹੋ ਗਈ ਸੀ। ਜਦੋਂ ਉਹ ਰੌਲਾ ਸੁਣ ਕੇ ਉਨ੍ਹਾਂ ਦੇ ਕਮਰੇ ਵਿੱਚ ਗਏ ਤਾਂ ਛੋਟੀ ਬੱਚੀ ਲਹੂ-ਲੁਹਾਣ ਹੋਈ ਫ਼ਰਸ਼ ’ਤੇ ਪਈ ਸੀ। ਉਹ ਬੱਚੀ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਏ ਪਰ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਨੇ ਆਖਿਆ ਕਿ ਘਟਨਾ ਪਿੱਛੋਂ ਉਸ ਦਾ ਪੁੱਤ ਅਤੇ ਨੂੰਹ ਦੋਵੇਂ ਫ਼ਰਾਰ ਹੋ ਗਏ। ਪੁਲੀਸ ਨੇ ਸੰਜੀਵ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਅਜੈ ਕੁਮਾਰ ਅਤੇ ਕਿਰਤੀ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਕੰਧ ਉੱਪਰ ਲੱਗਾ ਖ਼ੂਨ ਦੇਖ ਕੇ ਜਾਪਦਾ ਹੈ ਕਿ ਜਿਵੇਂ ਬੱਚੀ ਨੂੰ ਕੰਧ ਨਾਲ ਮਾਰਿਆ ਗਿਆ ਹੋਵੇ।