ਹਰਜੀਤ ਸਿੰਘ/ਦਰਸ਼ਨ ਸਿੰਘ ਸੋਢੀ
ਜ਼ੀਰਕਪੁਰ/ਐੱਸਏਐੱਸ ਨਗਰ (ਮੁਹਾਲੀ), 18 ਜੁਲਾਈ
ਇੱਥੋਂ ਦੇ ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਲੰਘੀ ਰਾਤ ਇੱਕ ਹੋਟਲ ’ਚ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਤਿੰਨ ਗੈਂਗਸਟਰਾਂ ਦੀ ਪਛਾਣ ਰਣਬੀਰ ਸਿੰਘ ਰਾਣਿਆ ਉਰਫ਼ ਵਿਸ਼ਾਲ, ਵਿਕਰਾਂਤ ਅਤੇ ਆਸ਼ੀਸ਼ ਉਰਫ਼ ਅਮਨ ਵਾਸੀ ਬਰਵਾਲਾ ਵਜੋਂ ਹੋਈ ਹੈ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਗੈਂਗਸਟਰ ਰਣਬੀਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਦਸ ਕਾਰਤੂਸ, ਦੋ ਪਿਸਤੌਲ ਅਤੇ ਇਕ ਚਾਕੂ ਬਰਾਮਦ ਹੋਇਆ ਹੈ। ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਅੱਜ ਇੱਥ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੈਂਗਸਟਰ ਭੂਪੀ ਰਾਣਾ ਪਿਛਲੇ ਸਾਲ ਸੈਕਟਰ-71 ਦੀ ਮਾਰਕੀਟ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਯੂਥ ਅਕਾਲੀ ਆਗੂ ਤੇ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਥਾਣਾ ਜ਼ੀਰਕਪੁਰ ਦੇ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਭੂਪੀ ਰਾਣਾ ਗਰੋਹ ਦੇ ਮੈਂਬਰ ਅੰਕਿਤ ਰਾਣਾ ਵਾਸੀ ਸੁਲਤਾਨਪੁਰ ਜ਼ੀਰਕਪੁਰ ਦੇ ਹੋਟਲ ਮਾਲਕਾਂ ਅਤੇ ਬਿਲਡਰਾਂ ਕੋਲੋਂ ਫਿਰੌਤੀ ਮੰਗ ਰਹੇ ਸਨ। ਗੈਂਗਟਸਰ ਅੰਕਿਤ ਰਾਣਾ ਨੇ ਬਲਟਾਣਾ ਦੇ ਹੋਟਲ ਰਿਲੈਕਸ ਇਨ ਦੇ ਮਾਲਕ ਕੋਲੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਫਿਰੌਤੀ ਮੰਗੀ। ਹੋਟਲ ਮਾਲਕ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਅਤੇ ਬੀਤੀ ਰਾਤ ਫਿਰੌਤੀ ਵਸੂਲਣ ਆਏ ਤਿੰਨ ਗੈਂਗਟਸਰਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਸੀ।
ਗੈਂਗਸਟਰ ਸ਼ੁਭਮ ਮੋਟਾ ਤੇ ਨੰਨ੍ਹਾ ਗਰੋਹ ਦੇ ਮੈਂਬਰਾਂ ਵਿਚਾਲੇ ਚੱਲੀ ਗੋਲੀ
ਲੁਧਿਆਣਾ (ਟਨਸ): ਸ਼ਹਿਰ ਦੇ ਪੌਸ਼ ਇਲਾਕੇ ਸੈਕਟਰ-32 ਗਲਾਡਾ ਗਰਾਊਂਡ ਵਿੱਚ ਦੋ ਧੜਿਆਂ ਵਿਚਾਲੇ ਗੋਲੀ ਚੱਲਣ ਮਗਰੋਂ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਗੈਂਗਸਟਰ ਸ਼ੁਭਮ ਮੋਟਾ ਤੇ ਵਿਸ਼ਾਲ ਗਿੱਲ ਅਤੇ ਨੰਨ੍ਹਾ ਗੈਂਗ ਦੇ ਮੈਂਬਰ ਗਲਾਡਾ ਗਰਾਊਂਡ ਵਿੱਚ ਇਕੱਠੇ ਹੋਏ। ਦੋਹਾਂ ਧੜਿਆਂ ਵਿਚਾਲੇ ਪਹਿਲਾਂ ਤੋਂ ਹੀ ਵਿਵਾਦ ਸੀ। ਕਿਸੇ ਗੱਲ ਤੋਂ ਬਹਿਸ ਮਗਰੋਂ ਦੋਵੇਂ ਧਿਰਾਂ ਦੇ ਨੌਜਵਾਨ ਹੱਥੋਪਾਈ ’ਤੇ ਉਤਰ ਆਏ। ਇਸੇ ਦੌਰਾਨ ਮੋਟਰਸਾਈਕਲ ’ਤੇ ਆਏ ਕੁੱਝ ਨੌਜਵਾਨਾਂ ਨੇ ਗਰਾਊਂਡ ਵਿੱਚ ਖੜ੍ਹੇ ਵਿਅਕਤੀਆਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਜਵਾਬੀ ਕਾਰਵਾਈ ਕਰਦਿਆਂ ਦੂਜੀ ਧਿਰ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅੱਧਾ ਦਰਜਨ ਦੇ ਕਰੀਬ ਗੋਲੀਆਂ ਚੱਲੀਆਂ। ਐੱਸਐੱਚਓ ਦਵਿੰਦਰ ਸ਼ਰਮਾ ਨੇ ਕਿਹਾ ਕਿ ਦੋਹਾਂ ਧੜਿਆਂ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।