ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 15 ਅਕਤੂਬਰ
ਇਥੇ ਬੱਸ ਸਟੈਂਡ-ਕਾਲਜ ਰੋਡ ਸਥਿਤ ਟੈਗੋਰ ਸਟਰੀਟ ਵਿਖੇ ਰਹਿੰਦੇ ਮਰਹੂਮ ਕੇਸ਼ਵ ਜਿੰਦਲ ਦੇ ਪਰਿਵਾਰ ਦੇ ਤਿੰਨ ਜੀਆਂ (ਮਾਂ, ਧੀ ਅਤੇ ਪੁੱਤਰ) ਨੇ ਜ਼ਹਿਰੀਲੀ ਚੀਜ਼ ਖਾ ਲਈ। ਇਨ੍ਹਾਂ ਵਿੱਚੋਂ ਮਾਂ ਤੇ ਧੀ ਦੀ ਮੌਤ ਹੋ ਗਈ ਜਦੋਂਕਿ ਲੜਕਾ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਜ਼ੇਰੇ ਇਲਾਜ ਹੈ। ਸੂਤਰਾਂ ਮੁਤਾਬਕ ਪੁਲੀਸ ਨੇ ਮੌਕੇ ਤੋਂ ਖੁ਼ਦਕੁਸ਼ੀ ਨੋਟ ਬਰਾਮਦ ਕੀਤਾ ਹੈ, ਪਰ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋਈ। ਇਕ ਪੁਲੀਸ ਅਧਿਕਾਰੀ ਮੁਤਾਬਕ ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਜਾਪਦਾ ਹੈ, ਪਰ ਮਾਮਲੇ ਦੀ ਸਚਾਈ ਜਾਂਚ ਉਪਰੰਤ ਹੀ ਸਾਹਮਣੇ ਆਵੇਗੀ।
ਜਾਣਕਾਰੀ ਅਨੁਸਾਰ ਟੈਗੋਰ ਸਟਰੀਟ ਵਿੱਚ ਰਹਿੰਦੇ ਮਰਹੂਮ ਕੇਸ਼ਵ ਜਿੰਦਲ ਦੀ ਪਤਨੀ ਕਵਿਤਾ ਜਿੰਦਲ (55) , ਉਸ ਦੀ ਧੀ ਸ਼ਿਵਾਂਗੀ (20) ਅਤੇ ਪੁੱਤਰ ਸ਼ਿਵਮ ਜਿੰਦਲ (24) ਨੇ ਅੱਜ ਬਾਅਦ ਦੁਪਹਿਰ ਆਪਣੇ ਘਰ ਅੰਦਰ ਹੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਬਾਰੇ ਜਿੰਦਲ ਪਰਿਵਾਰ ਦੇ ਕਿਸੇ ਜਾਣਕਾਰ ਨੂੰ ਪਤਾ ਲੱਗਣ ’ਤੇ ਉਸ ਨੇ ਹੋਰਨਾਂ ਦੀ ਮਦਦ ਨਾਲ ਤਿੰਨਾਂ ਜਣਿਆਂ ਨੂੰ ਸਥਾਨਕ ਸਰਕਾਰੀ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ’ਤੇ ਮੌਜੂਦ ਡਾ. ਇਕਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕਵਿਤਾ ਜਿੰਦਲ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸ਼ਿਵਮ ਜਿੰਦਲ ਅਤੇ ਸ਼ਿਵਾਂਗੀ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਸੀ। ਸ਼ਿਵਾਂਗੀ ਦੀ ਪਟਿਆਲਾ ਨੂੰ ਜਾਂਦਿਆਂ ਰਸਤੇ ’ਚ ਹੀ ਮੌਤ ਹੋ ਗਈ ਅਤੇ ਸ਼ਿਵਮ ਜਿੰਦਲ ਪਟਿਆਲਾ ਵਿੱਚ ਜ਼ੇਰੇ ਇਲਾਜ ਹੈ। ਡਾ. ਇਕਰਾ ਨੇ ਦੱਸਿਆ ਕਿ ਮਾਂ-ਧੀ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।