ਪੱਤਰ ਪ੍ਰੇਰਕ
ਨੂਰਪੁਰ ਬੇਦੀ, 6 ਅਕਤੂਬਰ
ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਛੇੜੀ ਮੁਹਿੰਮ ਤਹਿਤ ਅੱਜ ਨੂਰਪੁਰ ਬੇਦੀ ਪੁਲੀਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਇੰਟਰਸਟੇਟ ਨਸ਼ਾ ਤਸਕਰੀ ਕਰਨ ਵਾਲੇ ਇਕ ਗਰੋਹ ਦੇ ਤਿੰਨ ਮੈਂਬਰ ਪੁਲੀਸ ਅੜਿੱਕੇ ਚੜ੍ਹ ਗਏ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੂਰਪੁਰ ਬੇਦੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਮੁਲਜ਼ਮ ਸਰਬਜੀਤ ਸਿੰਘ, ਬਲਵੀਰ ਚੰਦ ਉਰਫ਼ ਬੀਰਾ, ਬਲਵਿੰਦਰ ਕੁਮਾਰ ਜੰਮੂ ਕਸ਼ਮੀਰ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਜ਼ਿਲ੍ਹਾ ਰੂਪਨਗਰ ਸਣੇ ਵੱਖ-ਵੱਖ ਸਥਾਨਾਂ ਵਿਚ ਤਸਕਰੀ ਕਰ ਰਹੇ ਸਨ। ਇਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨੂਰਪੁਰ ਬੇਦੀ ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਹੀਰਪੁਰ ਵਿੱਚ ਨਾਕਾਬੰਦੀ ਕੀਤੀ। ਇਸ ਮੌਕੇ ਪੁਲੀਸ ਨੇ ਇਕ ਗੱਡੀ ਟਰੈਕਸ ਚਿੱਟਾ ਰੰਗ ਨੰਬਰ ਪੀਬੀ-12 ਐੱਲ, 7856 ਨੂੰ ਰੋਕਿਆ, ਜਿਸ ਵਿੱਚੋਂ ਤਲਾਸ਼ੀ ਦੌਰਾਨ ਪੁਲੀਸ ਨੂੰ ਇਕ ਕੁਇੰਟਲ ਪੰਜ ਸੌ ਗ੍ਰਾਮ ਚੂਰਾ ਪੋਸਤ ਭੁੱਕੀ ਬਰਾਮਦ ਹੋਈ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਐੱਨਡੀਪੀਸੀ ਐਕਟ ਦੀ ਧਾਰਾ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।