ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 12 ਅਕਤੂਬਰ
ਕਮਿਸ਼ਨਰੇਟ ਜਲੰਧਰ ਦੀ ਪੁਲੀਸ ਨੇ ਪ੍ਰੀਤ ਫਗਵਾੜਾ ਗਰੋਹ ਦੇ ਤਿੰਨ ਮੈਂਬਰ ਕਾਬੂ ਕੀਤੇ ਹਨ। ਜਲੰਧਰ ਦੇ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸੇਠ ਲਾਲ ਉਰਫ਼ ਸੇਠੀ ਵਾਸੀ ਨਿਊ ਅਬਾਦਪੂਰਾ ਜਲੰਧਰ, ਰਾਜਪਾਲ ਉਰਫ਼ ਪਾਲੀ ਵਾਸੀ ਰਵਿਦਾਸ ਕਲੋਨੀ ਰਾਮਾਂ ਮੰਡੀ, ਰਾਜੇਸ਼ ਕੁਮਾਰ ਉਰਫ਼ ਰਾਜਾ ਵਾਸੀ ਪੇਟੀਆਂ ਵਾਲੀ ਗੱਲੀ ਰਾਮਾਮੰਡੀ ਪ੍ਰੀਤ ਫਗਵਾੜਾ ਗਰੋਹ ਨੂੰ ਹਥਿਆਰ ਸਪਲਾਈ ਕਰਵਾਉਂਦੇ ਹਨ। ਸੂਚਨਾ ਦੇ ਆਧਾਰ ’ਤੇ ਐਂਟੀ ਨਾਰਕੋਟਿਕਸ ਸਟਾਫ਼ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਪੁਲੀਸ ਟੀਮ ਨਾਲ ਭਗਤ ਸਿੰਘ ਕਲੋਨੀ ’ਚ ਛਾਪਾ ਮਾਰ ਕੇ ਉਕਤ ਮੁਲਜ਼ਮਾਂ ਨੂੰ ਅਸਲੇ ਤੇ ਗੋਲਾ ਬਾਰੂਦ ਸਣੇ ਕਾਬੂ ਕੀਤਾ। ਹਥਿਆਰ ਮੁਲਜ਼ਮਾਂ ਨੇ ਸਪਲਾਈ ਕਰਨੇ ਸਨ। ਉਨ੍ਹਾਂ ਦੱਸਿਆ ਕਿ ਗਰੋਹ ਦਾ ਮੁਖੀ ਰਜਨੀਸ਼ ਉਰਫ ਪ੍ਰੀਤ ਵਾਸੀ ਫਗਵਾੜਾ ਇਸ ਵੇਲੇ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।