ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 24 ਜੁਲਾਈ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਐਂਬੂਲੈਂਸ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਤਿੰਨ ਮੈਂਬਰਾਂ ਨੂੰ 8 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਵੀ ਸ੍ਰੀਵਾਸਤਵ ਹਾਲ ਵਾਸੀ ਚੰਡੀਗੜ੍ਹ, ਹਰਿੰਦਰ ਸ਼ਰਮਾ ਵਾਸੀ ਪਿੰਡ ਨਵਾਂ ਗਰਾਓਂ (ਮੁਹਾਲੀ) ਤੇ ਅੰਕੁਸ਼ ਕੁਮਾਰ ਵਾਸੀ ਪਿੰਡ ਖੁੱਡਾ ਅਲੀਸ਼ੇਰ (ਚੰਡੀਗੜ੍ਹ) ਵਜੋਂ ਹੋਈ ਹੈ। ਇੱਥੇ ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਦੱਪਰ ਟੌਲ ਪਲਾਜ਼ਾ ਨੇੜੇ ਨਾਕੇ ਦੌਰਾਨ ਅੰਬਾਲਾ ਵਾਲੇ ਪਾਸਿਓਂ ਆ ਰਹੀ ਇੱਕ ਐਂਬੂਲੈਂਸ ਦੀ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿੱਚ ਇੱਕ ਵਿਅਕਤੀ ਮਰੀਜ਼ ਵਾਂਗ ਲੰਮਾ ਪਿਆ ਸੀ ਤੇ ਦੂਜਾ ਵਿਅਕਤੀ ਨਾਲ ਬੈਠਾ ਸੀ। ਦੋਵਾਂ ਤੋਂ ਇਲਾਵਾ ਇੱਕ ਡਰਾਈਵਰ ਸੀਟ ’ਤੇ ਬੈਠਾ ਸੀ। ਐੱਸਐੱਸਪੀ ਸੋਨੀ ਨੇ ਦੱਸਿਆ ਕਿ ਐਂਬੂਲੈਂਸ ਵਿੱਚ ਨਾ ਹੀ ਮੈਡੀਕਲ ਕਿੱਟ ਸੀ ਤੇ ਨਾ ਹੀ ਮੈਡੀਕਲ ਟੀਮ ਦਾ ਕੋਈ ਮੈਂਬਰ ਮੌਜੂਦ ਸੀ। ਪੁਲੀਸ ਨੇ ਸ਼ੱਕ ਪੈਣ ’ਤੇ ਜਦੋਂ ਐਂਬੂਲੈਂਸ ’ਚ ਮਰੀਜ਼ ਬਣ ਕੇ ਲੰਮੇ ਪਏ ਵਿਅਕਤੀ ਦੀ ਜਾਂਚ ਕੀਤੀ ਤਾਂ ਉਸ ਦੇ ਸਿਰ ਹੇਠ ਪਏ ਸਿਰਹਾਣੇ ਕੋਲੋਂ 8 ਕਿੱਲੋ ਅਫ਼ੀਮ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਚਾਲਕ ਸਮੇਤ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਲਾਲੜੂ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੀ ਜਾ ਰਹੀ ਐਂਬੂਲੈਂਸ ਵੀ ਕਬਜ਼ੇ ਵਿੱਚ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮ ਹੁਣ ਤੱਕ 10 ਤੋਂ 12 ਵਾਰ ਐਂਬੂਲੈਂਸ ਦੀ ਵਰਤੋਂ ਕਰਕੇ ਪ੍ਰਤੀ ਗੇੜਾ 8 ਤੋਂ 10 ਕਿੱਲੋ ਅਫ਼ੀਮ ਦੀ ਤਸਕਰੀ ਕਰ ਚੁੱਕੇ ਹਨ।