ਸੰਜੀਵ ਹਾਂਡਾ
ਫ਼ਿਰੋਜ਼ਪੁਰ, 18 ਜਨਵਰੀ
ਇੱਥੋਂ ਕਰੀਬ 30 ਕਿਲੋਮੀਟਰ ਦੂਰ ਪਿੰਡ ਹਾਮਦ ਵਾਲਾ ਉਤਾੜ ’ਚ ਅੰਗੀਠੀ ਲਾ ਕੇ ਸੌਂ ਰਹੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਦੋ ਬੱਚੇ ਤੇ ਉਨ੍ਹਾਂ ਦੀ ਮਾਂ ਸ਼ਾਮਲ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਰਾਜਬੀਰ ਕੌਰ (35) ਪਤਨੀ ਜਗਜੀਤ ਸਿੰਘ, ਸਾਹਿਲਪ੍ਰੀਤ ਸਿੰਘ (11) ਅਤੇ ਏਕਮਪ੍ਰੀਤ ਸਿੰਘ (5) ਵਜੋਂ ਹੋਈ ਹੈ। ਵੇਰਵਿਆਂ ਮੁਤਾਬਕ ਘਟਨਾ ਐਤਵਾਰ ਰਾਤ ਨੂੰ ਵਾਪਰੀ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਿੰਨਾਂ ਦੀ ਮੌਤ ਕੋਲਿਆਂ ਵਾਲੀ ਅੰਗੀਠੀ ਤੋਂ ਪੈਦਾ ਹੋਈ ਗੈਸ ਕਾਰਨ ਹੋਈ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦਾ ਪਤੀ ਕੰਮਕਾਜ ਖਾਤਰ ਕੁਝ ਸਾਲਾਂ ਤੋਂ ਮਲੇਸ਼ੀਆ ਵਿਚ ਰਹਿ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਐਤਵਾਰ ਰਾਤ ਰਾਜਬੀਰ ਆਪਣੇ ਬੱਚਿਆਂ ਨਾਲ ਕਮਰੇ ’ਚ ਅੰਦਰੋਂ ਦਰਵਾਜ਼ਾ ਬੰਦ ਕਰਕੇ ਸੌਂ ਰਹੀ ਸੀ। ਹਰ ਰੋਜ਼ ਉਹ ਘਰ ਦੇ ਕੰਮਕਾਜ ਕਰਨ ਲਈ ਸਵੇਰੇ ਪੰਜ ਵਜੇ ਉੱਠਦੀ ਸੀ। ਪਰ ਅੱਜ ਜਦੋਂ ਨਹੀਂ ਉੱਠੀ ਤਾਂ ਨਾਲ ਵਾਲੇ ਕਮਰੇ ਵਿਚ ਸੌਂ ਰਹੇ ਉਸ ਦੇ ਸਹੁਰੇ ਨੇ ਦਰਵਾਜ਼ਾ ਖੜਕਾਇਆ। ਇਸ ਦੌਰਾਨ ਜਦ ਕੋਈ ਜਵਾਬ ਨਾ ਮਿਲਿਆ ਤਾਂ ਉਹ ਘਬਰਾ ਗਿਆ ਤੇ ਤੁਰੰਤ ਦੂਜੇ ਲੜਕੇ ਨੂੰ ਉਸ ਦੇ ਘਰੋਂ ਬੁਲਾਇਆ। ਪਰਿਵਾਰ ਨੇ ਕਿਸੇ ਤਰ੍ਹਾਂ ਜਦ ਦਰਵਾਜ਼ੇ ਦੀ ਕੁੰਡੀ ਪੁੱਟੀ ਤਾਂ ਅੰਦਰ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ। ਤਿੰਨਾਂ ਦੀਆਂ ਦੇਹਾਂ ਬੈੱਡ ’ਤੇ ਪਈਆਂ ਸਨ।
ਅੰਮ੍ਰਿਤਸਰ ’ਚ ਮਾਂ-ਪੁੱਤ ਦੀ ਧੂੰਏਂ ਨਾਲ ਮੌਤ
ਅੰਮ੍ਰਿਤਸਰ: ਸ਼ਹਿਰ ਦੇ ਖ਼ੂਹ ਕੌੜਿਆਂ ਨੇੜੇ ਰਹਿੰਦੇ ਇਕ ਪਰਿਵਾਰ ਦੇ ਦੋ ਜੀਆਂ ਦੀ ਠੰਢ ਤੋਂ ਬਚਾਅ ਲਈ ਕਮਰੇ ’ਚ ਲਾਈ ਅੰਗੀਠੀ ਦੇ ਧੂੰਏਂ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖ਼ਤ ਰਜੀਨਾ ਬੇਗਮ (22) ਤੇ ਉਸ ਦੇ ਬੇਟੇ ਰਿਜ਼ਵਾਨ (4) ਵਜੋਂ ਹੋਈ ਹੈ। ਮ੍ਰਿਤਕਾ ਦਾ ਪਤੀ ਅਫ਼ਜ਼ਲ (24) ਹਸਪਤਾਲ ਦਾਖ਼ਲ ਹੈੈ। ਪਰਿਵਾਰ ਮਕਾਨ ਦੀ ਉੱਪਰਲੀ ਮੰਜ਼ਿਲ ’ਤੇ ਰਹਿੰਦਾ ਸੀ ਤੇ ਅਫ਼ਜ਼ਲ ਨੂੰ ਖੰਘਦਿਆਂ ਸੁਣ ਜਦ ਮਕਾਨ ਮਾਲਕ ਨੇ ਦਰਵਾਜ਼ਾ ਤੋੜਿਆਂ ਤਾਂ ਸਾਰਾ ਕਮਰਾ ਧੂੰਏਂ ਨਾਲ ਭਰਿਆ ਹੋਇਆ ਸੀ। ਰਜੀਨਾ ਤੇ ਉਸ ਦੇ ਬੇਟੇ ਦੀ ਮੌਤ ਹੋ ਚੁੱਕੀ ਸੀ। ਸਹਾਇਕ ਪੁਲੀਸ ਕਮਿਸ਼ਨਰ ਪਰਵੇਸ਼ ਚੋਪੜਾ ਨੇ ਦੱਸਿਆ ਕਿ ਅਫ਼ਜ਼ਲ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਅਤੇ ਇੱਥੇ ਸੁਨਿਆਰੇ ਦਾ ਕੰਮ ਕਰਨ ਲਈ ਆਇਆ ਹੋਇਆ ਹੈ। ਉਹ ਇਸ ਘਰ ਵਿਚ ਪਿਛਲੇ ਚਾਰ ਮਹੀਨਿਆਂ ਤੋਂ ਕਿਰਾਏ ’ਤੇ ਰਹਿ ਰਿਹਾ ਸੀ। -ਟਨਸ