ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜਨਵਰੀ
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਸੁਤੰਤਰਤਾ ਸੰਗਰਾਮੀ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਸੂਬੇ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਮੈਡੀਕਲ ਕਾਲਜ ਸ਼ੁਰੂ ਕੀਤੇ ਜਾ ਰਹੇ ਹਨ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਮੈਡੀਕਲ ਕਾਲਜ ਮੁਹਾਲੀ 2021 ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਐੱਮਬੀਬੀਐੱਸ ਦੇ ਦਾਖ਼ਲੇ ਹੋਣਗੇ। ਮੈਡੀਕਲ ਕਾਲਜ ਹੁਸ਼ਿਆਰਪੁਰ ਅਤੇ ਕਪੂਰਥਲਾ ਲਈ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਤੇ ਇਹ 2022 ਵਿੱਚ ਸ਼ੁਰੂ ਹੋ ਜਾਣਗੇ। ਇਸ ਸਾਲ ਜਲਦੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਬਰਨ ਯੂਨਿਟ ਸ਼ੁਰੂ ਕੀਤਾ ਜਾਵੇਗਾ ਤੇ ਟਰੌਮਾ ਸੈਂਟਰ ਵੀ ਬਣਾਇਆ ਜਾਵੇਗਾ। ਅੰਮ੍ਰਿਤਸਰ ਵਿੱਚ 120 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਜਾ ਰਿਹਾ ‘ਸਟੇਟ ਆਫ਼ ਆਰਟ ਕੈਂਸਰ ਸੈਂਟਰ’ ਚਾਲੂ ਸਾਲ 2021 ’ਚ ਤਿਆਰ ਹੋ ਜਾਵੇਗਾ।
ਸੁਤੰਤਰਤਾ ਸੰਗਰਾਮੀਆਂ ਦੀ ਪੈਨਸ਼ਨ ਵਧਾਈ
ਸੁਤੰਤਰਤਾ ਸੰਗਰਾਮੀ ਵਿਭਾਗ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਪਹਿਲਾਂ ਮਿਲਣ ਵਾਲੀ ਪੈਨਸ਼ਨ 7500 ਪ੍ਰਤੀ ਮਹੀਨਾ ਤੋਂ ਵਧਾ ਕੇ 9400 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਯੋਗ ਵਾਰਸਾਂ ਨੂੰ ਪੀਆਰਟੀਸੀ/ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਤੇ ਸ਼ਨਾਖਤੀ ਕਾਰਡ ਵਿਖਾਉਣ ’ਤੇ ਰਾਜ ਮਾਰਗਾਂ ਉੱਪਰ ਲੱਗਣ ਵਾਲੀ ਟੌਲ ਫੀਸ ਮੁਆਫ਼ ਕਰ ਦਿੱਤੀ ਗਈ ਹੈ। ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਫੂਡ ਪ੍ਰੋਸੈਸਿੰਗ ਵਿਭਾਗ ਪੰਜਾਬ ਵੱਲੋਂ ਨੈਸ਼ਨਲ ਫੂਡ ਪ੍ਰੋਸੈਸਿੰਗ ਸਕੀਮ ਅਧੀਨ ਪ੍ਰੋਸੈਸਿੰਗ ਇਕਾਈਆਂ ਅਤੇ ਯੂਨੀਵਰਸਿਟੀਆਂ ਨੂੰ 1.21 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।