ਸਰਬਜੀਤ ਸਿੰਘ ਭੰਗੂ/ਜੈਸਮੀਨ ਭਾਰਦਵਾਜ
ਪਟਿਆਲਾ/ਨਾਭਾ, 2 ਅਕਤੂਬਰ
ਜ਼ਿਲ੍ਹੇ ਦੇ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਰਾਇਮਲ ਮਾਜਰੀ ਵਿੱਚ ਅੱਜ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਲਜ਼ਾਰ ਸਿੰਘ (50) ਪੁੱਤਰ ਰੌਣਕੀ, ਗੁਰਪ੍ਰੀਤ ਸਿੰਘ (33) ਪੁੱਤਰ ਗੁਰਬਖਸ਼ ਸਿੰਘ ਅਤੇ ਲਾਲ ਸਿੰਘ (32) ਪੁੱਤਰ ਨਿਰਮਲ ਸਿੰਘ ਵਜੋਂ ਹੋਈ ਹੈ। ਤਿੰਨੇ ਪਿੰਡ ਰਾਇਮਲ ਮਾਜਰੀ ਦੇ ਵਸਨੀਕ ਹਨ। ਇਸ ਤੋਂ ਇਲਾਵਾ ਨੇੜਲੇ ਪਿੰਡ ਕਨਸੂਹਾ ਖ਼ੁਰਦ ਦਾ ਵਸਨੀਕ ਲਖਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜੋ ਇੱਥੇ ਭੱਠਾ ਮਜ਼ਦੂਰ ਵਜੋਂ ਕੰਮ ਕਰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਝੁੱਗੀ ’ਤੇ ਅਸਮਾਨੀ ਬਿਜਲੀ ਡਿੱਗੀ, ਜਿਸ ਕਾਰਨ ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ ਅਤੇ ਲਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਨੇ ਜ਼ਖ਼ਮੀ ਹੋਏ ਲਖਵੀਰ ਸਿੰਘ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ।
ਇਸੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਆਨ ਜਾਰੀ ਕਰਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਹਾਦਰ ਖਾਨ ਨੇ ਵੀ ਪਰਿਵਾਰ ਨਾਲ ਹਮਦਰਦੀ ਜਤਾਈ ਹੈ।
ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ
ਭਾਦਸੋਂ (ਗੌਰਵਪਾਲ ਸੂਦ): ਥਾਣਾ ਭਾਦਸੋਂ ਦੇ ਐੱਸਐੱਚਓ ਇੰਸਪੈਕਟਰ ਸੁਖਦੇਵ ਸਿੰੰਘ ਨੇ ਦੱਸਿਆ ਕਿ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਪੋਸਟ ਮਾਰਟਮ ਕਰਵਾਉਣ ਮਗਰੋਂ ਦੋ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ, ਜਦਕਿ ਤੀਜੀ ਲਾਸ਼ ਦਾ ਪੋਸਟਮਾਰਟਮ ਭਲਕੇ ਐਤਵਾਰ ਨੂੰ ਕੀਤਾ ਜਾਵੇਗਾ। ਡੈਮੋਕ੍ਰੈਟਿਕ ਮਗਨਰੇਗਾ ਫਰੰਟ ਦੇ ਸੂਬਾਈ ਪ੍ਰਧਾਨ ਰਾਜ ਕੁਮਾਰ ਨੇ ਪੰਜਾਬ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਲਈ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ।