ਜਸਬੀਰ ਸਿੰਘ ਚਾਨਾ
ਫਗਵਾੜਾ, 23 ਸਤੰਬਰ
ਪਿੰਡ ਗੰਢਵਾਂ ਲਾਗੇ ਅੱਜ ਹੋਈ ਇੱਕ ਲੜਾਈ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ’ਚੋਂ ਦੋ ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਡੀ.ਐੱਮ.ਸੀ ਲੁਧਿਆਣਾ ਰੈੱਫ਼ਰ ਕਰ ਦਿੱਤਾ ਗਿਆ ਹੈ ਜਦਕਿ ਤੀਸਰਾ ਵਿਅਕਤੀ ਸਿਵਲ ਹਸਪਤਾਲ ਫਗਵਾੜਾ ਵਿੱਚ ਇਲਾਜ ਅਧੀਨ ਹੈ। ਐੱਸ.ਐੱਚ.ਓ ਸਤਨਾਮਪੁਰਾ ਸੁਰਜੀਤ ਸਿੰਘ ਤੇ ਚਹੇੜੂ ਚੌਕੀ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਲੁਧਿਆਣਾ ਭੇਜਿਆ ਗਿਆ ਹੈ ਉਨ੍ਹਾਂ ਵਿੱਚ ਬਿਸ਼ੰਬਰ ਤੇ ਅਵਤਾਰ ਸਿੰਘ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਮੀਨੀ ਝਗੜੇ ਦੇ ਮਾਮਲੇ ’ਚ ਕੇਸ ਦਰਜ ਹੋਣ ਸਬੰਧੀ ਆਪਸੀ ਰੰਜਿਸ਼ ਸੀ। ਰੰਜਿਸ਼ ਤਹਿਤ ਅੱਜ ਸ਼ਾਮ ਬਿਸ਼ੰਤਰ ਤੇ ਅਵਤਾਰ ਸਿੰਘ ਨੂੰ ਦੂਸਰੀ ਧਿਰ ਦੇ ਵਿਅਕਤੀਆਂ ਨੇ ਘੇਰ ਕੇ ਜੰਮ ਕੇ ਕੁੱਟਮਾਰ ਕੀਤੀ ਜਦਕਿ ਉਨ੍ਹਾਂ ਆਪਣਾ ਇੱਕ ਵਿਅਕਤੀ ਦਿਲਬਾਗ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਹੈ। ਪੀੜਤਾਂ ਦੀ ਏਨੀ ਕੁੱਟਮਾਰ ਕੀਤੀ ਗਈ ਕਿ ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਲੋਕਾਂ ਨੇ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆ ਤੁਰੰਤ ਰੈਫਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਇਸ ਸਬੰਧੀ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਸਥਿਤੀ ਸਪੱਸ਼ਟ ਹੋਣ ’ਤੇ ਕਾਰਵਾਈ ਕੀਤੀ ਜਾਵੇਗੀ।