ਜਗਮੋਹਨ ਸਿੰਘ
ਘਨੌਲੀ, 12 ਅਕਤੂਬਰ
ਭਰਤਗੜ੍ਹ ਪੁਲੀਸ ਨੇ ਬੀਤੀ ਰਾਤ ਹਿਮਾਚਲ ਪ੍ਰਦੇਸ਼ ਤੋਂ ਤਿੰਨ ਟਰੈਕਟਰ-ਟਰਾਲੀਆਂ ’ਤੇ ਝੋਨਾ ਲੈ ਕੇ ਆ ਰਹੇ ਤਿੰਨ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਬਤ ਕੀਤੇ ਗਏ ਤਿੰਨੋਂ ਟਰੈਕਟਰ ਪੰਜਾਬ ਦੇ ਰਜਿਸਟਰੇਸ਼ਨ ਨੰਬਰਾਂ ਵਾਲੇ ਹਨ। ਸਬ-ਇੰਸਪੈਕਰ ਬਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲੀਸ ਨੇ ਭਰਤਗੜ੍ਹ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਰਸਤੇ ’ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਵੱਲੋਂ ਜੀਰੀ ਨਾਲ ਭਰੀਆਂ ਤਿੰਨ ਟਰੈਕਟਰ-ਟਰਾਲੀਆਂ ਆਈਆਂ, ਜਿਨ੍ਹਾਂ ਨੂੰ ਰਣਜੀਤ ਸਿੰਘ, ਲਖਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਚਲਾ ਰਹੇ ਸਨ।
ਉਨ੍ਹਾਂ ਨੂੰ ਪੁੱਛਣ ’ਤੇ ਉਹ ਜੀਰੀ ਸਬੰਧੀ ਕੋਈ ਵੀ ਰਿਕਾਰਡ/ਦਸਤਾਵੇਜ਼ ਪੇਸ਼ ਨਹੀਂ ਕਰ ਸਕੇ, ਜਿਸ ਕਰਕੇ ਮਾਰਕੀਟ ਕਮੇਟੀ ਰੂਪਨਗਰ ਦੀ ਸਕੱਤਰ ਅਰਚਨਾ ਬਾਂਸਲ ਦੀ ਲਿਖਤੀ ਦਰਖਾਸਤ ਦੇ ਆਧਾਰ ’ਤੇ ਤਿੰਨਾਂ ਡਰਾਈਵਰਾਂ ਖ਼ਿਲਾਫ਼ ਧਾਰਾ 420, 120ਬੀ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਰਚਨਾ ਬਾਂਸਲ ਨੇ ਕਿਹਾ ਕਿ ਜੇ ਪੰਜਾਬ ਦਾ ਕੋਈ ਆੜ੍ਹਤੀ ਜਾਂ ਸ਼ੈੱਲਰ ਮਾਲਕ ਬਾਹਰੀ ਸੂਬਿਆਂ ਦਾ ਝੋਨਾ ਖਰੀਦਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀ ਬੈਠਕ
ਮਾਨਸਰ (ਮਨਪ੍ਰੀਤ ਸਿੰਘ): ਝੋਨਾ ਵੇਚਣ ਸਬੰਧੀ ਹਿਮਾਚਲ ਦੇ ਕਿਸਾਨਾਂ ਦੀ ਬੈਠਕ ਠਾਕੁਰ ਅਨੂਪ ਸਿੰਘ ਦੀ ਪ੍ਰਧਾਨਗੀ ਹੇਠ ਕਸਬਾ ਠਾਕੁਰਦੁਆਰਾ ਵਿੱਚ ਹੋਈ। ਇਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕੁਲਵੰਤ ਸਿੰਘ ਸੰਧੂ ਤੇ ਧਰਮਿੰਦਰ ਸਿੰਘ ਮੁਕੇਰੀਆਂ ਹਾਜ਼ਰ ਹੋਏ। ਠਾਕੁਰ ਅਨੂਪ ਸਿੰਘ ਤੇ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੂਜੇ ਸੂਬਿਆਂ ’ਤੇ ਪੰਜਾਬ ਵਿਚ ਫ਼ਸਲ ਵੇਚਣ ’ਤੇ ਪਾਬੰਦੀ ਦਿੱਤੀ ਹੈ ਜਿਸ ਕਾਰਨ ਹਿਮਾਚਲ ਦੇ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕੁਲਵੰਤ ਸਿੰਘ ਸੰਧੂ ਨੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਹਿਮਾਚਲ ਦੇ ਕਿਸਾਨਾਂ ਦੇ ਝੋਨੇ ਦਾ ਦਾਣਾ-ਦਾਣਾ ਵਿਕਵਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਹਿਮਾਚਲ ਦੇ ਕਿਸਾਨਾਂ ਨਾਲ ਹੈ। ਉਨ੍ਹਾਂ ਕਿਹਾ ਕਿ 13 ਅਕਤੂਬਰ ਨੂੰ ਐਸਡੀਐਮ ਇੰਦੌਰਾ ਨੂੰ ਮਿਲ ਕੇ ਤੁਰੰਤ ਮੰਡੀ ਖੁੱਲ੍ਹਵਾਉਣ ਦੀ ਮੰਗ ਕੀਤੀ ਜਾਵੇਗੀ।