ਗੁਰਬਖਸ਼ਪੁਰੀ
ਤਰਨ ਤਾਰਨ, 8 ਸਤੰਬਰ
ਜ਼ਿਲ੍ਹਾ ਪੁਲੀਸ ਨੇ ਕੈਨੇਡਾ ਦੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਤੇ ਪਾਕਿਸਤਾਨ ਵਿੱਚ ਸ਼ਰਨ ਲਈ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੇ 26-ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਪੁਲੀਸ ਨੇ ਗਰੋਹ ਦੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਡੇਢ ਕਿਲੋ ਆਰਡੀਐਕਸ, ਡੈਟੋਨੇਟਰ ਸਮੇਤ 30 ਬੋਰ ਤੇ 315 ਬੋਰ ਦੀਆਂ ਪਿਸਤੌਲਾਂ, ਅੱਠ ਕਾਰਤੂਸ ਅਤੇ ਬਿਨਾਂ ਰਜਿਸਟਰੇਸ਼ਨ ਨੰਬਰ ਵਾਲਾ ਮੋਟਰਸਾਈਕਲ ਬਰਾਮਦ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੁਲੀਸ ਨੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ ਤੇ ਇਨ੍ਹਾਂ ਦੇ 25 ਹੋਰ ਸਾਥੀਆਂ ਦੀ ਵੀ ਪਛਾਣ ਕੀਤੀ ਹੈ ਜੋ ਪੰਜਾਬ ਅਤੇ ਨੇੜਲੇ ਖੇਤਰਾਂ ਵਿਚ ਗੈਰਕਾਨੂੰਨੀ ਗਤੀਵਿਧੀਆਂ ਕਰ ਰਹੇ ਸਨ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਹਾਲ ਹੀ ਵਿੱਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਬਾਦ ਖੇਤਰ ਵਿੱਚ ਆਈਈਡੀ ਲਗਾਉਣ ਦਾ ਮੁੱਖ ਦੋਸ਼ੀ ਨਛੱਤਰ ਸਿੰਘ ਉਰਫ ਮੋਤੀ ਵਾਸੀ ਪਿੰਡ ਭੱਠਲ ਸਹਿਜਾ ਸਿੰਘ ਵੀ ਸ਼ਾਮਲ ਹੈ| ਇਹ ਕਾਰਵਾਈ ਹਰਿਆਣਾ ਪੁਲੀਸ ਵਲੋਂ ਕੀਤੀ ਗਈ ਸੀ। ਬਾਕੀ ਦੋ ਮੁਲਜ਼ਮਾਂ ਵਿੱਚ ਸੁਖਦੇਵ ਸਿੰਘ ਉਰਫ ਸ਼ੇਰਾ ਵਾਸੀ ਪਿੰਡ ਗੰਡੀਵਿੰਡ ਧੱਤਲ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਬਿੱਲਾ ਵਾਸੀ ਪਿੰਡ ਚੌਧਰੀਵਾਲਾ (ਨੌਸ਼ਹਿਰਾ ਪੰਨੂਆਂ) ਸ਼ਾਮਲ ਹੈ। ਐਸਐਸਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਤਿੰਨੇ ਮੁਲਜ਼ਮ ਲਖਬੀਰ ਲੰਡਾ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਵੱਡੇ ਪੱਧਰ ’ਤੇ ਹਥਿਆਰਾਂ ਅਤੇ ਨਸ਼ਿਆਂ ਦੀ ਸਰਹੱਦ ਪਾਰੋਂ ਤਸਕਰੀ ਵਿੱਚ ਸ਼ਾਮਲ ਸਨ। ਇਸ ਗਰੋਹ ਦੇ ਮੈਂਬਰ ਲਖਬੀਰ ਸਿੰਘ ਲੰਡਾ ਤੇ ਹਰਵਿੰਦਰ ਸਿੰਘ ਰਿੰਦਾ ਵਲੋਂ ਧਮਕੀਆਂ ਦੇਣ ਵਾਲਿਆਂ ਕੋਲੋਂ ਫ਼ਿਰੌਤੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ।
ਲਾਰੈਂਸ ਬਿਸ਼ਨੋਈ ਦਾ ਪੁਲੀਸ ਰਿਮਾਂਡ ਮੁੜ ਵਧਿਆ
ਖਰੜ ( ਪੱਤਰ ਪ੍ਰੇਰਕ): ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਦੇ ਪੁਲੀਸ ਰਿਮਾਂਡ ਵਿਚ ਚਾਰ ਦਿਨ ਦਾ ਹੋਰ ਵਾਧਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸੀਆਈਏ ਸਟਾਫ ਖਰੜ ਵੱਲੋਂ ਅਸਲਾ ਐਕਟ ਹੇਠ ਗੈਂਗਸਟਰ ਖਿਲਾਫ਼ ਕੇਸ ਦਰਜ ਕਰਦਿਆਂ ਦਸ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਸੀ, ਜੋ ਅੱਜ ਸਮਾਪਤ ਹੋ ਗਿਆ। ਪੁਲੀਸ ਨੇ ਸੱਤ ਜੂਨ ਨੂੰ ਨਿਖਿਲ ਕਾਂਤ ਸ਼ਰਮਾ ਨੂੰ ਪਿਸਤੌਲ ਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕੀਤਾ ਸੀ। ਉਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੀ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਸੀ। ਅਦਾਲਤ ਵਿਚ ਸਰਕਾਰੀ ਵਕੀਲ ਨੇ ਕਿਹਾ ਕਿ ਲਾਰੈਂਸ ਤੋਂ ਪਿਸਤੌਲ ਦੀ ਬਰਾਮਦਗੀ ਕਰਨੀ ਬਾਕੀ ਹੈ ਜਿਸ ਕਾਰਨ ਇਸ ਦਾ ਪੁਲੀਸ ਰਿਮਾਂਡ ਵਧਾਇਆ ਜਾਵੇ।