ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਅਕਤੂਬਰ
ਐਂਟੀ ਗੈਂਗਸਟਰ ਟਾਸਕ ਫੋਰਸ(ਏਜੀਟੀਐੱਫ) ਨੇ ਅੱਜ ਸ਼ਾਮੀਂ ਇਥੇ ਸ੍ਰੀ ਹਰਿਮੰਦਰ ਸਾਹਿਬ ਨੇੜਿਓਂ ਹੋਟਲ ਵਿਚੋਂ ਤਿੰਨ ਗੈਂਗਸਟਰ ਕਾਬੂ ਕੀਤੇ ਹਨ, ਜਿਨ੍ਹਾਂ ਕੋਲੋਂ ਇਕ ਏਕੇ 47 ਰਾਈਫਲ ਅਤੇ 3 ਪਿਸਤੌਲ ਮਿਲੇ ਹਨ। ਇਸ ਕਾਰਵਾਈ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਸਥਾਨਕ ਪੁਲੀਸ ਤੇ ਦਿੱਲੀ ਪੁਲੀਸ ਦੇ ਕਰਮਚਾਰੀ ਵੀ ਸ਼ਾਮਲ ਸਨ। ਇਹ ਗੈਂਗਸਟਰ ਇਥੇ ਇਕ ਹੋਟਲ ਵਿਚ ਠਹਿਰੇ ਹੋਏ ਸਨ। ਗੈਂਗਸਟਰ ਦੀਵਾਲੀ ਮੌਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਸਥਾਨਕ ਪੁਲੀਸ ਅਧਿਕਾਰੀਆਂ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ, ਫਿਲਹਾਲ ਇਸ ਮਾਮਲੇ ਵਿੱਚ ਚੁੱਪ ਧਾਰੀ ਹੋਈ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਦਾ ਖੁਲਾਸਾ ਨਹੀਂ ਕੀਤਾ ਗਿਆ। ਇਸ ਨਾਲ ਅਗਲੇਰੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਪੁਲੀਸ ਵੱਲੋਂ ਇੱਥੇ ਹੋਰ ਇਲਾਕਿਆਂ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੇ ਹੋਰ ਸਾਥੀ ਕਾਬੂ ਕੀਤੇ ਜਾ ਸਕਣ। ਪੁਲੀਸ ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਇਹ ਤਿੰਨੋਂ ਗੈਂਗਸਟਰ ਪਾਕਿਸਤਾਨ ਅਧਾਰਿਤ ਅਤਿਵਾਦੀ ਹਰਵਿੰਦਰ ਰਿੰਦਾ ਅਤੇ ਕੈਨੇਡਾ ਦੇ ਗੈਂਗਸਟਰ ਲਖਬੀਰ ਲੰਡਾ ਦੇ ਮਾਡਿਊਲ ਦਾ ਹਿੱਸਾ ਹਨ। ਇਹ ਗੈਂਗਸਟਰ ਲੰਘੇ ਦਿਨ ਇਥੇ ਆਏ ਸਨ ਅਤੇ ਇੱਕ ਹੋਟਲ ਵਿੱਚ ਠਹਿਰੇ ਸਨ। ਇਨ੍ਹਾਂ ਵਿਚੋਂ ਦੋ ਸਰਹਾਲੀ ਅਤੇ ਇਕ ਭਿੱਖੀਵਿੰਡ ਇਲਾਕੇ ਨਾਲ ਸਬੰਧਤ ਦੱਸਿਆ ਗਿਆ ਹੈ।