ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 25 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਚੰਬਾ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਪੰਜ ਵਿਅਕਤੀਆਂ ’ਚੋਂ ਤਿੰਨ ਗੁਰਦਾਸਪੁਰ ਨਾਲ ਸਬੰਧਤ ਸਨ। ਬਾਕੀ ਦੋ ਮ੍ਰਿਤਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚ ਗੁਰਦਾਸਪੁਰ ਵਾਸੀ ਰਾਜੀਵ ਸ਼ਰਮਾ, ਅਮਰਜੀਤ ਸਿੰਘ ਅਤੇ ਦੀਨਾਨਗਰ ਦੇ ਮਨਮੋਹਨ ਸਾਰੰਗਲ ਸ਼ਾਮਲ ਹਨ। ਰਾਜੀਵ ਸ਼ਰਮਾ ਬੀਮਾ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਮਨਮੋਹਨ ਸਾਰੰਗਲ ਲੋਕ ਨਿਰਮਾਣ ਵਿਭਾਗ ਵਿੱਚ ਐਕਸੀਅਨ ਸੀ, ਜਦਕਿ ਅਮਰਜੀਤ ਸਿੰਘ ਕੁਝ ਦਿਨ ਪਹਿਲਾਂ ਅਮਰੀਕਾ ਤੋਂ ਗੁਰਦਾਸਪੁਰ ਆਇਆ ਸੀ। ਇਹ ਹਾਦਸਾ ਐਤਵਾਰ ਸ਼ਾਮ ਕਰੀਬ 4 ਵਜੇ ਚੰਬਾ ਨੇੜੇ ਵਾਪਰਿਆ, ਜਦੋਂ ਤੀਸਾ ਤੋਂ ਚੁਰਾਹ ਸਾਚਪਾਸ ਪਾਂਗੀ ਮਾਰਗ ’ਤੇ ਸਤਰੁੰਡੀ ਦੇ ਕੋਲ ਧੁੰਦ ਕਾਰਨ ਬਲੈਰੋ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ ਅਤੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਦੋ ਹੋਰ ਵਿਅਕਤੀ ਜ਼ਖ਼ਮੀ ਵੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਕਰੀਬ ਮਹੀਨਾ ਪਹਿਲਾਂ ਚੰਬਾ ਨੇੜੇ ਇੱਕ ਹਾਦਸੇ ਵਿੱਚ ਟਾਟਾ ਸੂਮੋ ਗੱਡੀ ਹਾਦਸੇ ਦਾ ਸ਼ਿਕਾਰ ਹੋ ਹੋਈ ਸੀ, ਜਿਸ ਦੇ ਬੀਮਾ ਕਲੇਮ ਦੀ ਸੈਟਲਮੈਂਟ ਲਈ ਇਹ ਸਾਰੇ ਵਿਅਕਤੀ ਤੀਸਾ ਤੋਂ ਬਗੋਟੂ ਗਏ ਸਨ। ਹਾਦਸੇ ਦੀ ਜਾਣਕਾਰੀ ਇੱਕ ਢਾਬੇ ਦੇ ਮਾਲਕ ਨੇ ਪੁਲੀਸ ਨੂੰ ਦਿੱਤੀ ਸੀ। ਬੜੀ ਮੁਸ਼ੱਕਤ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਨੂੰ ਚੰਬਾ ਦੇ ਮੈਡੀਕਲ ਕਾਲਜ ਪਹੁੰਚਾਇਆ ਗਿਆ ਪਰ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਰਾਜੀਵ ਸ਼ਰਮਾ ਆਪਣੇ ਦੋਸਤ ਮਨਮੋਹਨ ਸਾਰੰਗਲ ਅਤੇ ਅਮਰੀਕਾ ਤੋਂ ਆਏ ਅਮਰਜੀਤ ਸਿੰਘ ਨੂੰ ਆਪਣੇ ਨਾਲ ਆਪਣੀ ਡਿਜ਼ਾਇਰ ਕਾਰ ਵਿੱਚ ਚੰਬਾ ਲੈ ਕੇ ਗਿਆ ਸੀ। ਉਨ੍ਹਾਂ ਆਪਣੀ ਕਾਰ ਚੰਬਾ ਵਿੱਚ ਹੀ ਛੱਡ ਦਿੱਤੀ ਅਤੇ ਉੱਥੋਂ ਇੱਕ ਬਲੈਰੋ ਗੱਡੀ ਕਿਰਾਏ ’ਤੇ ਲੈ ਕੇ ਅੱਗੇ ਰਵਾਨਾ ਹੋਏ ਸਨ।