ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਜੂਨ
ਪਾਤੜਾਂ-ਪਟਿਆਲਾ ਮੁੱਖ ਸੜਕ ’ਤੇ ਸ਼ੁੱਕਰਵਾਰ ਦੇਰ ਰਾਤ ਪਿਕਅੱਪ ਗੱਡੀ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਦੇਧਨਾ ਵਾਸੀ ਕਰਮਚੰਦ, ਆਪਣੀ ਪਤਨੀ ਗਗਨਦੀਪ ਕੌਰ ਤੇ ਧੀ ਪ੍ਰੀਤੀ ਸਮੇਤ ਪਾਤੜਾਂ ਵਿੱਚ ਆਪਣੀ ਬਿਮਾਰ ਸੱਸ ਦਾ ਪਤਾ ਲੈਣ ਵਾਸਤੇ ਗਿਆ ਸੀ। ਦੇਰ ਰਾਤ ਉਹ ਵਾਪਸ ਆਪਣੇ ਪਿੰਡ ਦੇਧਨਾ ਜਾ ਰਹੇ ਸਨ ਤਾਂ ਪਾੜਤਾਂ ਸਥਿਤ ਬਜਾਜ ਏਜੰਸੀ ਨੇੜੇ ਸਾਹਮਣੇ ਤੋਂ ਆ ਰਹੀ ਟਾਟਾ ਪਿਕਅੱਪ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਹ ਤਿੰਨੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਇਲਾਜ ਲਈ ਦੁਰਗਾ ਦਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗਗਨਦੀਪ ਕੌਰ (32) ਅਤੇ ਉਸ ਦੇ ਪਤੀ ਕਰਮਚੰਦ (35) ਨੂੰ ਮ੍ਰਿਤ ਐਲਾਨ ਦਿੱਤਾ। ਉਨ੍ਹਾਂ ਦੀ ਬਾਰਾਂ ਸਾਲਾ ਦੀ ਧੀ ਪ੍ਰੀਤੀ ਦੀ ਹਾਲਤ ਗੰਭੀਰ ਹੋਣ ਕਾਰਨ ਊਸ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਸਮਾਜ ਸੇਵੀ ਸੰਸਥਾ ਬਲੈਸਿੰਗ ਫਾਊਂਡੇਸ਼ਨ ਪਾਤੜਾਂ ਦੇ ਆਗੂ ਗੰਭੀਰ ਜ਼ਖ਼ਮੀ ਲੜਕੀ ਨੂੰ ਚੰਡੀਗੜ੍ਹ ਲਿਜਾ ਰਹੇ ਸਨ ਤਾਂ ਊਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।
ਦੂਜੇ ਪਾਸੇ, ਪਿੱਕਅੱਪ ਗੱਡੀ ਚਾਲਕ ਨੇ ਘਟਨਾ ਸਥਾਨ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਦੂਰੀ ’ਤੇ ਜਾ ਕੇ ਊਸ ਦੀ ਗੱਡੀ ਦਾ ਟਾਇਰ ਫੱਟ ਗਿਆ। ਲੋਕਾਂ ਨੇ ਗੱਡੀ ਚਾਲਕ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ। ਸ਼ਹਿਰੀ ਪੁਲੀਸ ਚੌਕੀ ਦੇ ਇੰਚਾਰਜ ਹਰਸ਼ਬੀਰ ਸਿੰਘ ਸੰਧੂ ਨੇ ਦੱਸਿਆ ਹੈ ਕਿ ਲਾਸ਼ਾਂ ਪੋਸਟਮਾਰਟਮ ਲਈ ਸਮਾਣਾ ਦੇ ਹਸਪਤਾਲ ਪਹੁੰਚਾਈਆਂ ਗਈਆਂ ਹਨ ਅਤੇ ਗੱਡੀ ਚਾਲਕ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ।