ਪੱਤਰ ਪ੍ਰੇਰਕ
ਘਨੌਲੀ, 23 ਜੁਲਾਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਬੰਦ ਯੂਨਿਟ ਦੀ ਸਫ਼ਾਈ ਵੇਲੇ ਅੱਜ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਥਰਮਲ ਪਲਾਂਟ ਵਿੱਚ ਮੈਸਰਜ਼ ਸੋਢੀ ਇਰੈਕਟਰਜ਼ ਕੰਪਨੀ ਦੇ ਕਾਮੇ ਜਗਦੀਸ਼ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਥਲੀ ਖੁਰਦ, ਅਮਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਭਰਤਗੜ੍ਹ ਅਤੇ ਨੰਦ ਲਾਲ ਪੁੱਤਰ ਰਾਮ ਕਮਲ ਬੰਦ ਪਏ ਯੂਨਿਟ ਨੰਬਰ-6 ਦੇ ਬੁਆਇਲਰ ਦੀ ਪਾਣੀ ਦਾ ਪਾਈਪ ਲਗਾ ਕੇ ਸਫ਼ਾਈ ਕਰ ਰਹੇ ਸਨ। ਇਸ ਦੌਰਾਨ ਬੁਆਇਲਰ ਅੰਦਰ ਜੰਮਿਆ ਕਲਿੰਕਰ ਦਾ ਵੱਡਾ ਟੁਕੜਾ ਹੌਪਰ ਵਿੱਚ ਡਿੱਗ ਗਿਆ। ਕਲਿੰਕਰ ਦਾ ਟੁਕੜਾ ਇਕਦਮ ਡਿੱਗਣ ਉਪਰੰਤ ਹੌਪਰ ਵਿੱਚ ਜਮ੍ਹਾਂ ਹੋਇਆ ਗਰਮ ਪਾਣੀ ਅਤੇ ਕਲਿੰਕਰ ਦੀ ਸੁਆਹ ਆਦਿ ਬਾਹਰ ਆ ਕੇ ਦਰਵਾਜ਼ੇ ਅੱਗੇ ਸਫ਼ਾਈ ਕਰ ਰਹੇ ਮੁਲਾਜ਼ਮਾਂ ’ਤੇ ਪੈ ਗਈ, ਜਿਸ ਕਾਰਨ ਤਿੰਨੋਂ ਮੁਲਾਜ਼ਮ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਜਗਦੀਸ਼ ਸਿੰਘ ਦੀਆਂ ਅੱਖਾਂ ਤੇ ਗਰਦਨ ਉਪਰ ਧੂੜ ਤੇ ਗਰਮ ਪਾਣੀ ਪੈ ਗਿਆ, ਜਦੋਂ ਕਿ ਦੂਜੇ ਦੋ ਮੁਲਾਜ਼ਮਾਂ ਦੀਆਂ ਲੱਤਾਂ ਅਤੇ ਬਾਹਵਾਂ ਦੀ ਚਮੜੀ ਨੂੰ ਨੁਕਸਾਨ ਪੁੱਜਿਆ ਹੈ। ਜ਼ਖ਼ਮੀ ਮੁਲਾਜ਼ਮਾਂ ਨੂੰ ਥਰਮਲ ਪਲਾਂਟ ਦੀ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਦਾ ਇਲਾਜ ਕਰਨ ਉਪਰੰਤ ਬਾਅਦ ਦੁਪਹਿਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ।
ਪੁਲੀਸ ਚੌਕੀ ਘਨੌਲੀ ਦੇ ਤਫ਼ਤੀਸ਼ੀ ਅਧਿਕਾਰੀ ਏਐੱਸਆਈ ਕਮਲ ਕਿਸ਼ੋਰ ਨੇ ਦੱਸਿਆ ਕਿ ਮੁਲਾਜ਼ਮਾਂ ਨੇ ਹਾਦਸੇ ਨੂੰ ਅਚਾਨਕ ਤੇ ਕੁਦਰਤੀ ਦੱਸ ਕੇ ਕਾਰਵਾਈ ਤੋਂ ਇਨਕਾਰ ਕੀਤਾ ਹੈ। ਤਾਪ ਘਰ ਦੇ ਮੁੱਖ ਇੰਜਨੀਅਰ ਰਵੀ ਵਧਵਾ ਨੇ ਕਿਹਾ ਕਿ ਹਾਦਸੇ ਵਿੱਚ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਘਟਨਾ ਕੁਦਰਤੀ ਤੇ ਅਚਾਨਕ ਵਾਪਰੀ ਹੈ, ਪਰ ਉਹ ਫਿਰ ਵੀ ਇਸ ਘਟਨਾ ਦੀ ਜਾਂਚ ਕਰਨਗੇ।