ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਅਪਰੈਲ
ਨਗਰ ਸੁਧਾਰ ਟਰੱਸਟ ਵਿੱਚ ਦੋ ਦਰਜਨ ਤੋਂ ਵੱਧ ਮਹੱਤਵਪੂਰਨ ਫਾਈਲਾਂ ਗੁਆਚਣ ਦੇ ਮਾਮਲੇ ’ਚ ਸਥਾਨਕ ਸਰਕਾਰਾਂ ਵਿਭਾਗ ਨੇ ਟਰੱਸਟ ਦੇ ਈਓ ਪਰਮਿੰਦਰ ਸਿੰਘ ਸਣੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਮੁਅੱਤਲ ਕੀਤੇ ਗਏ ਤਿੰਨਾਂ ਮੁਲਾਜ਼ਮਾਂ ਦੀ ਮੁੱਖ ਦਫ਼ਤਰ ਚੰਡੀਗੜ੍ਹ ’ਚ ਬਦਲੀ ਕਰ ਦਿੱਤੀ ਹੈ। ਮੁਅੱਤਲ ਕੀਤੇ ਮੁਲਾਜ਼ਮਾਂ ਵਿੱਚ ਲੇਖਾ ਅਫ਼ਸਰ ਅਸ਼ੀਸ਼ ਕੁਮਾਰ ਤੇ ਜੂਨੀਅਰ ਸਹਾਇਕ ਅਨੁਜ ਰਾਏ ਸ਼ਾਮਲ ਹਨ। ਜਾਣਕਾਰੀ ਅਨੁਸਾਰ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਿੰਗ ਵੱਲੋਂ ਟਰੱਸਟ ਦੀ ਕਾਰਗੁਜ਼ਾਰੀ ਵਿਰੁੱਧ ਜਿਹੜੀ ਸ਼ਿਕਾਇਤ ਆਈ ਸੀ, ਉਸ ਦੀ ਪੜਤਾਲ ਦੌਰਾਨ ਜਿਹੜੀਆਂ ਬੇਯਿਨਮੀਆਂ ਪਾਈਆਂ ਗਈਆਂ ਉਸ ਦੇ ਚੱਲਦਿਆਂ ਹੀ ਇਨ੍ਹਾਂ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਮਗਰੋਂ ਹੁਣ ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਕੋਲ ਨਗਰ ਸੁਧਾਰ ਟਰੱਸਟ ਦਾ ਵਾਧੂ ਚਾਰਜ ਵੀ ਆ ਗਿਆ ਹੈ।