ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 2 ਜੁਲਾਈ
ਮੁਹਾਲੀ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਦੇਵਰਾਜ ਸ਼ਰਮਾ, ਬੰਟੀ ਸ਼ਰਮਾ ਅਤੇ ਗੌਰਵ ਸ਼ਰਮਾ ਉਰਫ਼ ਗੌਰੀ ਵਾਸੀ ਰਾਜਾ ਰਾਮ ਕਲੋਨੀ, ਬੜਮਾਜਰਾ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 137 ਗਰਾਮ ਹੈਰੋਇਨ ਅਤੇ 3 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੌਰਵ ਉਰਫ਼ ਗੌਰੀ ਅਤੇ ਬੰਟੀ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਰਾਜਿੰਦਰ ਸਿੰਘ ਉਰਫ਼ ਜੋਕਰ ਨਾਲ ਜੁੜੇ ਹੋਏ ਹਨ ਜੋ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਹੈ। ਉਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਉਕਲਾਨਾ ਮੰਡੀ, ਜ਼ਿਲ੍ਹਾ ਹਿਸਾਰ ਦੇ ਸ਼ੂਟਰਾਂ ਨੂੰ ਪਨਾਹ ਮੁਹੱਈਆ ਕਰਵਾਈ ਸੀ।