ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 19 ਨਵੰਬਰ
ਕਾਲਜੀਏਟ ਡਰਾਮਾ ਸੁਸਾਇਟੀ ਵੱਲੋਂ ਪੰਜਾਬੀ ਥੀਏਟਰ ਦੇ ਸ਼ੈਕਸਪੀਅਰ ਵਜੋਂ ਮਕਬੂਲ ‘ਡਾ ਚਰਨ ਦਾਸ ਸਿੱਧੂ’ ਬਾਰੇ ਤਿੰਨ ਰੋਜ਼ਾ ਵਰਚੁਅਲ ਟਾਕ ਸ਼ੋਅ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਰੰਗਮੰਚ ਦੇ ਸਾਥੀ ਅਤੇ ਉਨ੍ਹਾਂ ਦੇ ਨਾਟਕਾਂ ਵਿੱਚ ਸੋਧ ਕਰਨ ਵਾਲੇ ਪ੍ਰੋਫੈਸਰ ਸ਼ਾਮਲ ਹੋਣਗੇ। ਵਰਚੁਅਲ ਵਾਰਤਾ ਰੋਜ਼ਾਨਾ ਰਾਤ ਨੌਂ ਵਜੇ ਤੋਂ ਸਾਢੇ ਦਸ ਵਜੇ ਤਕ ਚੱਲੇਗੀ। ਡਾ. ਸਿੱਧੂ ਨੇ ਚਾਰ ਦਹਾਕੇ ਪਹਿਲਾਂ ਇਸ ਸੁਸਾਇਟੀ ਨੂੰ ਖੁ਼ਦ ਬਣਾਇਆ ਸੀ। ਪੰਜਾਬੀ ਥੀਏਟਰ ਜਗਤ ਨੂੰ 39 ਸਿਰਮੌਰ ਨਾਟਕ ਦੇਣ ਵਾਲੇ ਡਾ.ਸਿੱਧੂ ਨੇ ਆਪਣੀ ਪੂਰੀ ਜ਼ਿੰਦਗੀ ਰੰਗਮੰਚ ਦੇ ਲੇਖੇ ਲਾਈ। ਸਾਲ 2013 ਵਿੱਚ ਅੱਜ ਦੇ ਦਿਨ ਉਹ ਇਸ ਫਾਨੀ ਸੰਸਾਰ ਤੋਂ ਵਿਦਾ ਲੈ ਗਏ ਸਨ। ਵਰਚੁਅਲ ਵਾਰਤਾ ਦੇ ਪਹਿਲੇ ਦਿਨ ਅੱਜ(ਵੀਰਵਾਰ) ਰਾਤ ਨੂੰ ਨੌਂ ਵਜੇ ਟੀਵੀ ਜਗਤ ਦੇ ਉੱਘੇ ਪੱਤਰਕਾਰ ਤੇ ਪਦਮਸ੍ਰੀ ਵਿਨੋਦ ਦੂਆ, ਕੌਮੀ ਨਾਟ ਨਿਰਦੇਸ਼ਕ ਤੇ ਫਿਲਮ ਨਿਰਦੇਸ਼ਕ ਰਣਜੀਤ ਕਪੂਰ ਤੇ ਉਰਦੂ ਤੇ ਹਿੰਦੀ ਦੇ ਨਾਟਕਕਾਰ ਤੇ ਰੰਗਕਰਮੀ ਅਨੀਸ ਅਜ਼ਮੀ ਅਤੇ ਉੱਘੇ ਨਾਟਕਕਾਰ ਡਾ.ਪ੍ਰਤਾਪ ਸਹਿਗਲ ‘ਡਾ. ਚਰਨ ਦਾਸ ਸਿੱਧੂ-ਇਕ ਵਿਅਕਤਿਤਵ’ ਵਿਸ਼ੇ ’ਤੇ ਵਰਚੁਅਲ ਵਾਰਤਾ ਵਿੱਚ ਸ਼ਿਰਕਤ ਕਰਨਗੇ। ਵਰਚੁਅਲ ਵਾਰਤਾ ਜ਼ੂਮ ਐਪ ਜ਼ਰੀਏ ਹੋਵੇਗੀ। ਵਾਰਤਾ ਦੇ ਦੂਜੇ ਦਿਨ ਦਾ ਵਿਸ਼ਾ ‘ਡਾ.ਚਰਨ ਦਾਸ ਸਿੱਧੂ: ਇਕ ਨਾਟਕਕਾਰ’ ਹੋਵੇਗਾ ਤੇ ਇਸ ਵਿੱਚ ਉੱਘੇ ਨਾਟਕਕਾਰ ਡਾ.ਸਤੀਸ਼ ਵਰਮਾ, ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ.ਸਤਨਾਮ ਜੱਸਲ ਤੇ ਨਾਟਕਕਾਰ ਡਾ.ਦੇਵੇਂਦਰ ਕੁਮਾਰ ਸ਼ਾਮਲ ਹੋਣਗੇ। ਸ਼ਨਿੱਚਰਵਾਰ ਨੂੰ ਵਰਚੁਅਲ ਵਾਰਤਾ ਦੇ ਆਖਰੀ ਦਿਨ ਦਾ ਵਿਸ਼ਾ ‘ਡਾ.ਚਰਨ ਦਾਸ ਸਿੱਧੂ: ਇਕ ਰੰਗਕਰਮੀ’ ਹੋਵੇਗਾ ਤੇ ਇਸ ਵਿੱਚ ਉੱਘੇ ਪੰਜਾਬੀ ਲੇਖਕ ਬਲਬੀਰ ਮਾਧੋਪੁਰੀ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ.ਰਵੇਲ ਸਿੰਘ, ਡਿਜੀਟਲ ਮੀਡੀਆ ਤੇ ਥੀਏਟਰ ਆਈਆਈਟੀ ਦਿੱਲੀ ਤੋਂ ਪ੍ਰੋ.ਮਨੋਹਰ ਖ਼ੁਸ਼ਾਲਨੀ ਤੇ ਥੀਏਟਰ ਨਾਲ ਜੁੜੇ ਪ੍ਰਾਮਿਲਾ ਸਿੱਧੂ ਸਾਹਨੀ ਸ਼ਿਰਕਤ ਕਰਨਗੇ। ਵਰਚੁਅਲ ਵਾਰਤਾ ਦੀ ਮੇਜ਼ਬਾਨੀ ਰਵੀ ਤਨੇਜਾ ਕਰਨਗੇ।