ਜਗਮੋਹਨ ਸਿੰਘ
ਘਨੌਲੀ, 13 ਜੂਨ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਦੁਪਹਿਰ ਲਗਭਗ 12 ਵਜੇ ਠੱਪ ਹੋਏ ਯੂਨਿਟਾਂ ਵਿੱਚੋਂ 3 ਯੂਨਿਟਾਂ ਨੂੰ ਥਰਮਲ ਪਲਾਂਟ ਦੇ ਇੰਜਨੀਅਰਾਂ ਦੀ ਟੀਮ ਨੇ ਸਖਤ ਮਿਹਨਤ ਕਰਕੇ ਸ਼ਾਮ ਤੱਕ ਚਾਲੂ ਕਰ ਲਿਆ ਤੇ ਬਾਕੀ ਬਚੇ ਯੂਨਿਟ ਨੂੰ ਵੀ ਚਾਲੂ ਕੀਤੇ ਜਾਣ ਦੇ ਯਤਨ ਜਾਰੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੰਜੀਨੀਅਰਾਂ ਵੱਲੋਂ ਸਭ ਤੋਂ ਪਹਿਲਾਂ ਯੂਨਿਟ ਨੰਬਰ 4 ਚਾਲੂ ਕੀਤਾ ਗਿਆ। ਉਸ ਤੋਂ ਬਾਅਦ ਯੂਨਿਟ ਨੰਬਰ 6 ਅਤੇ ਸ਼ਾਮ ਵੇਲੇ ਯੂਨਿਟ ਨੰਬਰ 5 ਵੀ ਚਾਲੂ ਕਰ ਲਿਆ ਗਿਆ। 3 ਨੰਬਰ ਯੂਨਿਟ ਨੂੰ ਚਾਲੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸ਼ਾਮ 8.30 ਵਜੇ ਤੱਕ ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਨੰਬਰ 4 ਤੋਂ 173, ਯੂਨਿਟ ਨੰਬਰ ਤੋਂ 127 ਅਤੇ ਯੂਨਿਟ ਨੰਬਰ 6 ਤੋਂ 198 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਜ਼ਿਲ੍ਹਾ ਰੂਪਨਗਰ ਦੇ ਨੱਕੀਆਂ ਅਤੇ ਕੋਟਲਾ ਪਾਵਰ ਹਾਊਸ ਸਥਿਤ 134 ਮੈਗਾਵਾਟ ਸਮਰੱਥਾ ਵਾਲੇ ਹਾਈਡਰੋ ਪ੍ਰਾਜੈਕਟਾਂ ਦੇ ਯੂਨਿਟਾਂ ਤੋਂ 69 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਰਣਜੀਤ ਸਾਗਰ ਡੈਮ ਪਣ-ਬਿਜਲੀ ਘਰ ਦੇ 1 ਅਤੇ 4 ਨੰਬਰ ਯੂਨਿਟਾਂ ਤੋਂ 242 ਮੈਗਾਵਾਟ, 91.35 ਮੈਗਾਵਾਟ ਵਾਲੇ ਅੱਪਰ ਬਾਰੀ ਦੋਆਬ ਦੇ ਯੂਨਿਟਾਂ ਤੋਂ 63 ਮੈਗਾਵਾਟ, 225 ਮੈਗਾਵਾਟ ਵਾਲੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਦੇ ਯੂਨਿਟਾਂ ਤੋਂ 210 ਮੈਗਾਵਾਟ ਤੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਪਾਵਰਕੌਮ ਪੰਜਾਬ ਦੇ 110 ਮੈਗਾਵਾਟ ਸਮਰੱਥਾ ਵਾਲੇ ਸ਼ਾਨਨ ਪਣ-ਬਿਜਲੀ ਪ੍ਰਾਜੈਕਟ ਤੋਂ 72 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਗਈ ਹੈ।