ਸੁੰਦਰ ਨਾਥ ਆਰੀਆ
ਅਬੋਹਰ, 29 ਦਸੰਬਰ
ਇੱਥੋਂ ਦੇ ਸੀਡ ਫਾਰਮ ਇਲਾਕੇ ਵਿੱਚ ਰਹਿਣ ਵਾਲੇ ਇਕ ਪਰਿਵਾਰ ਨੇ ਲੰਘੀ ਰਾਤ ਅੰਗੀਠੀ ਬਾਲ ਕੇ ਕਮਰਾ ਬੰਦ ਕਰ ਲਿਆ ਅਤੇ ਅੰਗੀਠੀ ਦੀ ਗੈਸ ਚੜ੍ਹਨ ਕਾਰਨ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਪਤੀ-ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਭੇਜਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮੂਲ ਰੂਪ ’ਚ ਯੂਪੀ ਵਾਸੀ ਕ੍ਰਿਸ਼ਨਾ (35) ਪਿਛਲੇ ਕੁਝ ਸਾਲਾਂ ਤੋਂ ਅਬੋਹਰ ਦੇ ਸੀਡ ਫਾਰਮ ਇਲਾਕੇ ਵਿੱਚ ਇਕ ਪੋਲਟਰੀ ਫਾਰਮ ਵਿੱਚ ਕੰਮ ਕਰਦਾ ਹੈ ਅਤੇ ਪਰਿਵਾਰ ਸਣੇ ਇੱਥੇ ਹੀ ਰਹਿ ਰਿਹਾ ਹੈ। ਲੰਘੀ ਰਾਤ ਉਸਨੇ ਠੰਢ ਤੋਂ ਬਚਣ ਲਈ ਅੰਗੀਠੀ ਬਾਲ ਕੇ ਕਮਰੇ ਵਿੱਚ ਰੱਖ ਲਈ ਅਤੇ ਆਪਣੇ ਤਿੰਨ ਬੱਚਿਆਂ ਤੇ ਪਤਨੀ ਸਣੇ ਸੌਂ ਗਿਆ। ਤੜਕੇ ਉਸ ਦੇ ਗੁਆਂਢੀ ਨੇ ਉਸ ਨੂੰ ਆਵਾਜ਼ ਲਗਾਈ। ਕਮਰੇ ਵਿੱਚੋਂ ਕੋਈ ਹਲਚਲ ਨਾ ਹੋਣ ’ਤੇ ਉਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਅੰਦਰ ਕ੍ਰਿਸ਼ਨਾ, ਉਸ ਦੀ ਪਤਨੀ ਰਾਧਾ ਅਤੇ ਤਿੰਨ ਬੱਚੇ ਪੂਜਾ (7), ਦੀਪ (5) ਤੇ ਪੂਨਮ (2) ਬੇਹੋਸ਼ ਪਏ ਸਨ ਤੇ ਉਨ੍ਹਾਂ ਦੇ ਮੂੰਹ ਚੋਂ ਝੱਗ ਨਿਕਲ ਰਹੀ ਸੀ। ਉਸ ਨੇ ਇਸ ਦੀ ਸੂਚਨਾ ਪੋਲਟਰੀ ਫਾਰਮ ਦੇ ਮਾਲਕ ਨੂੰ ਦਿੱਤੀ। ਪੋਲਟਰੀ ਫਾਰਮ ਮਾਲਕ ਨੇ ਪਰਿਵਾਰ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਤਿੰਨਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਪਤੀ-ਪਤਨੀ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।