ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 24 ਫਰਵਰੀ
ਬਰਨਾਲਾ-ਮਾਨਸਾ ਸੜਕ ’ਤੇ ਪਿੰਡ ਪੱਖੋ ਕਲਾਂ ਨੇੜੇ ਸੜਕ ’ਤੇ ਖੜ੍ਹੇ ਇੱਕ ਟਰੱਕ ਪਿੱਛੇ ਮੋਟਰਸਾਈਕਲ ਟਕਰਾ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਤਿੰਨ ਲੜਕਿਆਂ ਦੀ ਮੌਤ ਹੋ ਗਈ। ਇਹ ਹਾਦਸਾ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਕਲੀਆ ਵਿੱਚ ਪੜ੍ਹਦੇ ਤਿੰਨ ਲੜਕੇ ਮੋਟਰਸਾਈਕਲ ’ਤੇ ਪੱਖੋ ਕਲਾਂ ਤੋਂ ਮਾਨਸਾ ਵੱਲ ਜਾ ਰਹੇ ਸਨ। ਅੱਗੇ ਰਾਹ ਵਿੱਚ ਬਰੇਤੀ ਦੇ ਭਰੇ ਟਰੱਕ ਦਾ ਟਾਇਰ ਪੈਂਚਰ ਹੋਣ ਕਾਰਨ ਉਸ ਦਾ ਡਰਾਈਵਰ ਟਰੱਕ ਨੂੰ ਸੜਕ ਕਿਨਾਰੇ ਰੋਕ ਕੇ ਟਾਇਰ ਬਦਲ ਰਿਹਾ ਸੀ। ਧੁੰਦ ਹੋਣ ਕਾਰਨ ਮੋਟਰਸਾਈਕਲ ਸਵਾਰ ਲੜਕਿਆਂ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਟਰੱਕ ਹੇਠ ਫਸ ਗਿਆ ਅਤੇ ਜਸਪ੍ਰੀਤ ਸਿੰਘ (15) ਪੁੱਤਰ ਮਲਕੀਤ ਸਿੰਘ ਵਾਸੀ ਪੱਖੋ ਕਲਾਂ, ਸਨੀ (16) ਪੁੱਤਰ ਕਰਮ ਸਿੰਘ ਵਾਸੀ ਰੜ੍ਹ ਦੀ ਥਾਂ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਜਸਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ (16) ਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਥਾਣਾ ਰੂੜੇਕੇ ਕਲਾਂ ਦੇ ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਟਰੱਕ ਦਾ ਡਰਾਈਵਰ ਮੌਕੇ ’ਤੋਂ ਫਰਾਰ ਹੈ ਤੇ ਪੁਲੀਸ ਨੇ ਟਰੱਕ ਕਬਜ਼ੇ ਵਿੱਚ ਲੈ ਲਿਆ ਹੈ। ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਆਰੰਭ ਦਿੱਤੀ ਗਈ ਹੈ।