ਜਗਮੋਹਨ ਸਿੰਘ
ਰੂਪਨਗਰ, 12 ਅਪਰੈਲ
ਇੱਥੋਂ ਦੀ ਪਾਵਰ ਕਲੋਨੀ ਵਿੱਚ ਸਥਿਤ ਇਕ ਕੁਆਰਟਰ ਵਿੱਚੋਂ ਅੱਜ ਦੇਰ ਸ਼ਾਮ ਪੁਲੀਸ ਨੂੰ ਮਹਿਲਾ ਡਾਕਟਰ ਅਤੇ ਉਸ ਦੇ ਮਾਤਾ-ਪਿਤਾ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਸਬੰਧੀ ਐੱਸ.ਪੀ. (ਡੀ) ਹਰਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਾਵਰ ਕਲੋਨੀ ਦੇ ਟਾਈਪ-4 ਦੇ ਮਕਾਨ ਨੰਬਰ-64 ਨੇੜਿਓਂ ਬਦਬੂ ਆ ਰਹੀ ਹੈ। ਪੁਲੀਸ ਨੇ ਜਦੋਂ ਕੁਆਰਟਰ ਖੋਲ੍ਹ ਕੇ ਦੇਖਿਆ ਤਾਂ ਇੱਕ ਲੜਕੀ ਅਤੇ ਔਰਤ ਸਣੇ ਤਿੰਨ ਲਾਸ਼ਾਂ ਕੁਆਰਟਰ ਅੰਦਰ ਪਈਆਂ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਲਾਸ਼ਾਂ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਸੀ। ਮ੍ਰਿਤਕਾਂ ਦੀ ਪਛਾਣ ਸਵਿਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਾਇਨਾਤ ਮੈਡੀਕਲ ਅਫ਼ਸਰ ਚਰਨਜੀਤ ਕੌਰ, ਉਸ ਦੇ ਪਿਤਾ ਮਾਸਟਰ ਹਰਚਰਨ ਸਿੰਘ ਅਤੇ ਮਾਤਾ ਪਰਮਜੀਤ ਕੌਰ ਵਜੋਂ ਹੋਈ ਹੈ।