ਆਤਿਸ਼ ਗੁਪਤਾ
ਚੰਡੀਗੜ੍ਹ, 1 ਮਈ
ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਫੋਰਸ (ਏਜੀਟੀਐੱਫ) ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ, ਹਿੰਮਤਵੀਰ ਸਿੰਘ ਗਿੱਲ ਤੇ ਬਲਕਰਨ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਪਿਸਤੌਲਾਂ, 20 ਕਾਰਤੂਸ ਅਤੇ ਇਕ ਕਾਰ ਬਰਾਮਦ ਕੀਤੀ ਹੈ। ਏਜੀਟੀਐੱਫ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਬਠਿੰਡਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਡੀਆਈਜੀ ਨੇ ਦੱਸਿਆ ਕਿ ਏਜੀਟੀਐੱਫ ਦੀ ਟੀਮ ਨੇ ਪੁਖਤਾ ਸੂਚਨਾ ਦੇ ਆਧਾਰ ’ਤੇ ਬਠਿੰਡਾ ਤੋਂ ਤਿੰਨ ਮੁਲਜ਼ਮ ਕਾਬੂ ਕੀਤੇ ਹਨ ਜੋ ਮਾਲਵਾ ਖੇਤਰ ਦੇ ਇੱਕ ਵਪਾਰੀ ਤੋਂ ਪੈਸੇ ਵਸੂਲਣ ਲਈ ਉਸ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਤਿੰਨੋਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ। ਲਵਪ੍ਰੀਤ ਅਤੇ ਹਿੰਮਤਵੀਰ ਹਰਿਆਣਾ ਅਤੇ ਦਿੱਲੀ ਵਿੱਚ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰਾਂ ਦੀ ਕਥਿਤ ਤਸਕਰੀ ਵਿੱਚ ਸ਼ਾਮਲ ਸਨ। ਇਹ ਦੋਵੇਂ ਮੁਲਜ਼ਮ ਦੂਜੇ ਸੂਬਿਆਂ ਤੋਂ ਹਥਿਆਰ ਮੰਗਵਾ ਕੇ ਆਪਣੇ ਸਾਥੀਆਂ ਨੂੰ ਪਹੁੰਚਾਉਂਦੇ ਸਨ ਤਾਂ ਜੋ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਜਾ ਸਕੇ। ਡੀਆਈਜੀ ਨੇ ਦੱਸਿਆ ਕਿ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਨਿਰਦੇਸ਼ਾਂ ’ਤੇ ਇਹ ਮੁਲਜ਼ਮ ਦਿੱਲੀ ਦੇ ਭਗੌੜੇ ਗੈਂਗਸਟਰਾਂ ਨੂੰ ਲੁਕਣ ਲਈ ਟਿਕਾਣੇ ਮੁਹੱਈਆ ਕਰਵਾਉਂਦੇ ਸਨ। ਹਾਲ ਹੀ ਵਿੱਚ ਸਪੈਸ਼ਲ ਸੈੱਲ ਦਿੱਲੀ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇਕ ਗੈਂਗਸਟਰ ਸ਼ਾਹਰੁਖ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਲਵਪ੍ਰੀਤ ਅਤੇ ਉਸ ਦੇ ਸਾਥੀਆਂ ਨੇ ਪੰਜਾਬ ਵਿੱਚ ਰਹਿਣ ਲਈ ਥਾਂ ਮੁਹੱਈਆ ਕਰਵਾਈ ਸੀ।