ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੁਲਾਈ
ਸਥਾਨਕ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਵਿੱਚ ਪਿਤਾ-ਪੁੱਤਰ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦੇ ਸੰਪਰਕ ਵਿਚ ਸਨ ਜੋ ਪੈਸਿਆਂ ਦੇ ਲਾਲਚ ਵਿਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮਾਂ ਕੋਲੋਂ 5 ਮੋਬਾਈਲ, 5 ਸਿਮ ਕਾਰਡ, 2 ਮੋਟਰਸਾਈਕਲ, 3 ਬੋਤਲਾਂ ਸਪਰੇਅ ਰੰਗ ਅਤੇ ਕੱਪੜੇ ਬਰਾਮਦ ਕੀਤੇ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਾਰਦਾਤਾਂ ਦੀ ਤਫ਼ਤੀਸ਼ ਦੌਰਾਨ ਰੇਸ਼ਮ ਸਿੰਘ ਵਾਸੀ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ, ਕੁਲਵਿੰਦਰ ਸਿੰਘ ਵਾਸੀ ਪਿੰਡੀ ਕੇਹਰ ਸਿੰਘ ਥਾਣਾ ਲੌਂਗੋਵਾਲ ਅਤੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਰੇਸ਼ਮ ਸਿੰਘ ਪਹਿਲਾਂ ਚੰਡੀਗੜ੍ਹ ਅਤੇ ਮੁਹਾਲੀ ਇਲਾਕੇ ਵਿਚ ਬਤੌਰ ਸਕਿਉਰਿਟੀ ਗਾਰਡ ਪ੍ਰਾਈਵੇਟ ਨੌਕਰੀ ਕਰਦਾ ਸੀ ਜੋ ਕਿ ਪਿਛਲੇ 2 ਸਾਲ ਤੋਂ ਸੋਸ਼ਲ ਮੀਡੀਆ ਦੇ ਜ਼ਰੀਏ ਐੱਸਐੱਫਜੇ ਦੇ ਗੁਰਪਤਵੰਤ ਸਿੰਘ ਪੰਨੂ ਦੇ ਸੰਪਰਕ ਵਿਚ ਸੀ। ਇਸੇ ਤਹਿਤ ਰੇਸ਼ਮ ਸਿੰਘ ਨੇ ਆਪਣੇ ਸਾਲੇ ਕੁਲਵਿੰਦਰ ਸਿੰਘ ਨੂੰ ਆਪਣੇ ਨਾਲ ਲਾ ਲਿਆ ਅਤੇ ਕੁਲਵਿੰਦਰ ਦਾ 19 ਸਾਲਾ ਪੁੱਤਰ ਮਨਪ੍ਰੀਤ ਸਿੰਘ ਵੀ ਇਨ੍ਹਾਂ ਨਾਲ ਵਾਰਦਾਤਾਂ ਵਿਚ ਸ਼ਾਮਲ ਹੋਣ ਲੱਗ ਪਿਆ।