ਪੱਤਰ ਪ੍ਰੇਰਕ
ਮਾਨਸਾ, 5 ਅਕਤੂਬਰ
ਬਾਹਰਲੇ ਰਾਜਾਂ ਤੋੋਂ ਸਸਤੇ ਭਾਅ ਝੋਨਾ ਖਰੀਦ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਇਸ ਟਰੱਕ ਵਿੱਚ 19 ਟਨ ਝੋਨਾ ਭਰਿਆ ਹੋਇਆ ਸੀ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸਰਦੂਲਗੜ੍ਹ-ਸਿਰਸਾ ਮੇਨ ਸੜਕ ’ਤੇ ਪਿੰਡ ਝੰਡਾ ਖੁਰਦ ਨਾਕਾ ਪੁਆਇੰਟ ’ਤੇ ਸਿਰਸਾ ਵਾਲੇ ਪਾਸੇ ਤੋੋਂ ਆ ਰਹੇ ਟਰੱਕ ਨੂੰ ਰੋਕਿਆ ਜਿਸ ਦਾ ਚਾਲਕ ਕੋੋਈ ਬਿੱਲ ਜਾਂ ਬਿਲਟੀ ਆਦਿ ਸਬੂਤ ਵਜੋਂ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਪਾਲ ਸਿੰਘ ਅਤੇ ਗੁਰਮੀਤ ਸਿੰਘ ਵਾਸੀ ਸੂਰੇਵਾਲਾ ਟਿੱਬੀ ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਪਤਾ ਲੱਗਿਆ ਹੈ ਕਿ ਪੁਲੀਸ ਨੇ ਟਰੱਕ ਦੇ ਡਰਾਈਵਰ-ਕੰਡਕਟਰ ਤੋਂ ਪੁੱਛਗਿੱਛ ਦੌਰਾਨ ਝੋਨੇ ਦੇ ਮਾਲਕ ਸੰਨੀ ਫਟੇਲਾ, ਗਾਂਧੀ ਕਲੋਨੀ ਸਿਰਸਾ ਨੂੰ ਕਾਬੂ ਕੀਤਾ ਹੈ, ਜਿਸ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ।