ਪੱਤਰ ਪ੍ਰੇਰਕ
ਮਾਨਸਾ, 5 ਜੂਨ
ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ 4ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਵਿੱਚ ਇੱਕ ਹਫ਼ਤੇ ਬਾਅਦ ਵੀ ਮਾਨਸਾ ਪੁਲੀਸ ਅਸਫ਼ਲ ਰਹੀ ਹੈ। ਉਂਝ ਪੁਲੀਸ ਦਾ ਕਹਿਣਾ ਹੈ ਕਿ ਉਹ ਇਸ ਕਤਲ ਕਾਂਡ ਦੀ ਤਹਿ ਤੱਕ ਲਗਭਗ ਪੁੱਜ ਚੁੱਕੀ ਹੈ ਅਤੇ ਇਸ ਮਾਮਲੇ ਵਿੱਚ ਕੁਝ ਹੋਰ ਨੌਜਵਾਨਾਂ ਦੀ ਵੀ ਗ੍ਰਿਫ਼ਤਾਰੀ ਹੋਵੇਗੀ। ਪੁਲੀਸ ਵੱਲੋਂ ਅੱਜ ਇਸ ਮਾਮਲੇ ਵਿੱਚ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਕੀਤੇ ਗਏ ਮਨਪ੍ਰੀਤ ਸਿੰਘ ਭਾਊ ਅਤੇ ਮਨਪ੍ਰੀਤ ਸਿੰਘ ਮੰਨਾ ਸਮੇਤ ਸਵਰਾਜ ਮਿੰਟੂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਨਸਾ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੁਲੀਸ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਕਤਲਾਂ ਸਬੰਧੀ ਅਹਿਮ ਜਾਣਕਾਰੀ ਮਿਲੀ ਹੈ ਅਤੇ ਪੁਲੀਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਉਪਰਾਲੇ ਕਰ ਰਹੀ ਹੈ। ਮਾਨਸਾ ਪੁਲੀਸ ਦੇ ਅਧਿਕਾਰੀ ਅੱਜ ਸਾਰਾ ਦਿਨ ਇਨ੍ਹਾਂ ਨੌਜਵਾਨਾਂ ਦੀ ਪਛਾਣ ਅਤੇ ਸੂਹ ਲਾਉਣ ਲਈ ਉਲਝੇ ਰਹੇ ਅਤੇ ਦੇਰ ਸ਼ਾਮ ਤੱਕ ਪੁਲੀਸ ਨੂੰ ਇਸ ਮਾਮਲੇ ਸਬੰਧੀ ਕਈ ਅਹਿਮ ਕਿਸਮ ਦੀਆਂ ਸੂਚਨਾਵਾਂ ਹੱਥ ਲੱਗੀਆਂ ਹਨ, ਜਿਨ੍ਹਾਂ ਤਹਿਤ ਪੁਲੀਸ ਨੂੰ ਹੱਤਿਆਰਿਆਂ ਤੱਕ ਪੁੱਜਣਾ ਸੌਖਾ ਹੋ ਗਿਆ ਹੈ।
ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਬੇਸ਼ੱਕ ਪੁਲੀਸ ਨੂੰ ਕਈ ਅਹਿਮ ਜਾਣਕਾਰੀਆਂ ਹਾਸਲ ਹੋਈਆਂ ਹਨ, ਜਿਨ੍ਹਾਂ ਦਾ ਖੁਲਾਸਾ ਕਰਨਾ ਫ਼ਿਲਹਾਲ ਕਾਤਲਾਂ ਤੱਕ ਪੁੱਜਣ ’ਚ ਕੋਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੀ 29 ਮਈ ਦੀ ਸ਼ਾਮ ਨੂੰੂ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ।