ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 1 ਅਗਸਤ
ਮਾਲੇਰਕੋਟਲਾ ਦੀ ਪੁਲੀਸ ਨੇ 31 ਜੁਲਾਈ ਨੂੰ ਸਥਾਨਕ ਲੁਧਿਆਣਾ ਬਾਈਪਾਸ ਸਥਿਤ ਜਿਮ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਕੌਂਸਲਰ ਮੁਹੰਮਦ ਅਕਬਰ ਉਰਫ਼ ਭੋਲੀ ਦੇ ਕਤਲ ਸਬੰਧੀ ਅੱਜ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਮੁਲਜ਼ਮ ਹਾਲੇ ਵੀ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ।
ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੁਲੀਸ ਨੇ ਤਕਨੀਕੀ ਸਹਾਇਤਾ ਨਾਲ ਉਕਤ ਮਾਮਲੇ ਨੂੰ 24 ਘੀਟਆਂ ਵਿੱਚ ਹੱਲ ਕਰਦਿਆਂ ਪੰਜ ਜਣਿਆਂ ਨੂੰ ਨਾਮਜ਼ਦ ਕਰ ਕੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਮੁਲਜ਼ਮ ਹਾਲੇ ਫਰਾਰ ਹਨ। ਸ੍ਰੀ ਛੀਨਾ ਨੇ ਦੱਸਿਆ ਕਿ ਮ੍ਰਿਤਕ ਮਹੁੰਮਦ ਅਕਬਰ ਉਰਫ਼ ਭੋਲੀ ਨੇ ਵਸੀਮ ਇਕਬਾਲ ਉਰਫ਼ ਸੋਨੀ ਨੂੰ ਲੰਮੇ ਸਮੇਂ ਤੋਂ ਇੱਕ ਦੁਕਾਨ ਕਿਰਾਏ ’ਤੇ ਦਿੱਤੀ ਹੋਈ ਸੀ, ਜਿਸ ਵਿੱਚ ਵਸੀਮ ਇਕਬਾਲ ਪੁਰਾਣੇ ਮੋਟਰਸਾਈਕਲ ਖ਼ਰੀਦਣ ਤੇ ਵੇਚਣ ਦਾ ਕੰਮ ਕਰਦਾ ਸੀ। ਦੋਹਾਂ ਵਿਚਾਲੇ ਪੈਸਿਆਂ ਦਾ ਲੈਣ-ਦੇਣ ਵੀ ਚੱਲਦਾ ਸੀ। ਕਰੀਬ ਇੱਕ ਹਫ਼ਤਾ ਪਹਿਲਾਂ ਮੁਹੰਮਦ ਅਕਬਰ ਨੇ ਵਸੀਮ ਇਕਬਾਲ ਕੋਲੋਂ ਆਪਣੇ ਪੈਸੇ ਵਾਪਸ ਮੰਗੇ, ਜਿਸ ਮਗਰੋਂ ਦੋ-ਤਿੰਨ ਦਿਨ ਪਹਿਲਾਂ ਵਸੀਮ ਇਕਬਾਲ ਨੇ ਆਪਣੇ ਦੋਸਤ ਦੀ ਫਾਰਚੂਨਰ ਗੱਡੀ ਵਿੱਚ ਮਹੁੰਮਦ ਸਾਦਾਵ ਤੇ ਤਹਿਸੀਮ ਨੂੰ ਨਾਲ ਲੈ ਕੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਖੇਤਰ ਤੋਂ ਇੱਕ ਦੇਸੀ ਕੱਟਾ ਤੇ ਪੰਜ ਕਾਰਤੂਸ ਲਿਆਂਦੇ ਸਨ ਅਤੇ ਆਪਣੇ ਨੇੜਲੇ ਰਿਸ਼ਤੇਦਾਰ ਮੁਹੰਮਦ ਆਸਿਫ਼ ਨੂੰ ਦੇ ਦਿੱਤੇ। ਉਪਰੰਤ ਮੁਹੰਮਦ ਆਸਿਫ਼ ਤੇ ਮਹੁੰਮਦ ਮੁਰਸ਼ਦ ਮੋਟਰਸਾਈਕਲ ’ਤੇ ਜਿਮ ਪਹੁੰਚੇ ਅਤੇ ਗੋਲੀ ਮਾਰ ਕੇ ਮੁਹੰਮਦ ਅਕਬਰ ਦਾ ਕਤਲ ਕਰ ਦਿੱਤਾ। ਸ੍ਰੀ ਛੀਨਾ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਵਿੱਚ ਨਾਮਜ਼ਦ ਵਸੀਮ ਇਕਬਾਲ ਸੋਨੀ, ਮੁਹੰਮਦ ਸਾਦਾਵ ਅਤੇ ਤਹਿਸੀਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮੁਹੰਮਦ ਆਸਿਫ਼ ਤੇ ਮੁਹੰਮਦ ਮੁਰਸ਼ਦ ਅਜੇ ਫ਼ਰਾਰ ਹਨ।