ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ 14 ਜਨਵਰੀ
ਮੇਲਾ ਮਾਘੀ ਦੇ ਦੂਜੇ ਦਿਨ ਕਰੋਨਾ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਅੱਜ ਹਜ਼ਾਰਾਂ ਸ਼ਰਧਾਲੂ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਇਥੇ ਪੁੱਜੇ। ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਗੁਰਦੁਆਰਾ ਕਮੇਟੀ, ਕਾਰ ਸੇਵਾ ਵਾਲੇ ਬਾਬਿਆਂ ਤੇ ਲੋਕਾਂ ਵੱਲੋਂ ਥਾਂ-ਥਾਂ ਲੰਗਰ ਲਾਏ ਗਏ ਸਨ। ਵਾਹਨਾਂ ਦਾ ਸ਼ਹਿਰ ਵਿੱਚ ਦਾਖ਼ਲਾ ਬੰਦ ਹੋਣ ਕਰਕੇ ਯਾਤਰੂਆਂ ਨੂੰ ਦੋ ਤੋਂ ਤਿੰਨ ਕਿਲੋਮੀਟਰ ਪੈਦਲ ਚੱਲਣਾ ਪਿਆ। ਮੈਨੇਜਰ ਦਰਬਾਰ ਸਾਹਿਬ ਰੇਸ਼ਮ ਸਿੰਘ ਨੇ ਦੱਸਿਆ ਕਿ ਭਲਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਹੋਵੇਗਾ ਨਗਰ ਕੀਰਤਨ ਹੋਵੇਗਾ ਜੋ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਟਿੱਬੀ ਸਾਹਿਬ ਜਾਵੇਗਾ। ਜ਼ਿਕਰਯੋਗ ਹੈ ਕਿ 1704 ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਜੰਗ ਵਿੱਚ ਭੁੱਖ ਤੇ ਪਰਿਵਾਰ ਦੇ ਉਦਰੇਵੇਂ ਤੋਂ ਸਤੇ 40 ਸਿੰਘ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਨੂੰ ‘ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ’ ਦਾ ਬੇਦਾਵਾ ਦੇ ਗਏ ਸਨ, ਪਰ ਮਾਈ ਭਾਗੋ ਦੀ ਪ੍ਰੇਰਨਾ ਤੇ ਤਾੜਨਾ ਮਗਰੋਂ ਇਹੀ ਸਿੰਘ ‘ਖਿਦਰਾਣੇ ਦੀ ਢਾਬ’ ’ਤੇ ਮਈ 1705 ਵਿੱਚ ਮੁਗਲਾਂ ਨਾਲ ਲੜੀ ਜੰਗ ਵਿੱਚ ਸ਼ਹੀਦੀਆਂ ਪਾ ਗਏ। ਮਰਨ ਤੋਂ ਪਹਿਲਾਂ ਇਹ ਸਿੰਘ ਆਪਣਾ ਬੇਦਾਵਾ ਪੜਵਾ ਕੇ ਮੁਕਤੇ ਬਣ ਗਏ ਸਨ। ਇਨ੍ਹਾਂ 40 ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਨੇ ਇਥੇ ਹੀ ਸਸਕਾਰ ਕਰਵਾਇਆ ਸੀ। ਹੁਣ ਇਸ ਜਗ੍ਹਾ ’ਤੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੇ ਗੁਰਦੁਆਰਾ ਤੰਬੂ ਸਾਹਿਬ ਸਥਿਤ ਹੈ, ਜਿਥੇ ਮਾਘੀ ਦਾ ਮੇਲਾ ਲੱਗਦਾ ਹੈ। ਇਸੇ ਤਰ੍ਹਾਂ ਜਿਸ ਜਗ੍ਹਾਂ ’ਤੇ ਗੁਰੂ ਜੀ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਸੀ ਉਥੇ ਗੁਰਦੁਆਰਾ ਟਿੱਬੀ ਸਾਹਿਬ ਸਥਿਤ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਚਾਲੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਬਹੁਤੇ ਲੋਕ ਸੁੱਖ-ਸਹੂਲਤਾਂ ਤੇ ਅਖੌਤੀ ਗੁਰੂਆਂ ਤੇ ਡੇਰਾਵਾਦ ਦੇ ਭਰਮਾਂ ’ਚ ਪੈ ਕੇ ਬੇਦਾਵੇ ਲਿਖ ਰਹੇ ਹਨ। ਇਸ ਵਾਰ ਚੋਣ ਕਮਿਸ਼ਨ ਵੱਲੋਂ ਕਾਨਫਰੰਸਾਂ ਉਪਰ ਲਾਈਆਂ ਪਾਬੰਦੀਆਂ ਕਾਰਨ ਮੇਲੇ ਦੀ ਫਿਜ਼ਾ ਸ਼ਾਂਤਮਈ ਰਹੀ। ਕੋਈ ਵੱਡਾ ਸਿਆਸੀ ਆਗੂ ਇਥੇ ਨਤਮਸਤਕ ਹੋਣ ਲਈ ਨਹੀਂ ਪੁੱਜਿਆ। ਮੇਲਾ ਮਾਘੀ ਮੌਕੇ ਚੰਡੋਲਾਂ ’ਤੇ ਝੂਟੇ ਲੈਣ ਤੇ ਹੋਰ ਮਨੋਰਜੰਨ ਦੇ ਸਾਧਨਾਂ ਦਾ ਆਨੰਦ ਮਾਨਣ ਆਏ ਲੱਖਾਂ ਮੇਲੀਆਂ ਨੂੰ ਨਿਰਾਸ਼ ਮੁੜਨਾ ਪਿਆ। ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਇੱਕ ਕਰੋੜ ਇੱਕ ਲੱਖ ਰੁਪਏ ਵਿੱਚ ਮੇਲਾ ਖਰੀਦਿਆ ਹੈ ਤੇ ਇਹ 10 ਜਨਵਰੀ ਤੋਂ ਸ਼ੁਰੂ ਹੋਣਾ ਸੀ। ਪਰ ਮੀਂਹ ਕਾਰਨ ਹੁਣ ਤੱਕ ਖੇਤ ਸੁੱਕ ਨਹੀਂ ਸਕੇ। ਹੁਣ ਮੌਸਮ ਸਾਫ਼ ਹੋਣ ’ਤੇ 17 ਜਨਵਰੀ ਤੋਂ ਬਾਅਦ ਮਨੋਰੰਜਨ ਮੇਲਾ ਲੱਗੇਗਾ।
ਸਤਾਰਾਂ ਸਾਲਾਂ ਬਾਅਦ ਵੀ ਚਾਲੀ ਮੁਕਤਿਆਂ ਦੀ ਯਾਦਗਾਰ ਰਹੀ ਵਿਸਰੀ
‘ਖਿਦਰਾਣੇ ਦੀ ਢਾਬ’ ’ਤੇ ਸ੍ਰੀ ਗੁਰੂ ਗੋਬਿੰਦ ਨੇ ਮਈ 1705 ਵਿੱਚ ਮੁਗਲਾਂ ਨਾਲ ਯੁੱਧ ਕਰ ਕੇ ਉਨ੍ਹਾਂ ਨੂੰ ਹਾਰ ਦਿੱਤੀ ਸੀ ਤੇ ਇਸ ਜੰਗ ਵਿੱਚ ਸ਼ਹੀਦ ਹੋਏ ਚਾਲੀ ਮੁਕਤਿਆਂ ਦੀ ਯਾਦ ਵਿੱਚ 300 ਵਰ੍ਹਿਆਂ ਬਾਅਦ 4 ਮਈ 2005 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ‘ਸ਼ਹੀਦੀ ਯਾਦਗਾਰ’ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ। ਇਹ ਨੀਂਹ ਪੱਥਰ ਟਿੱਬੀ ਸਾਹਿਬ ਕੰਪਲੈਕਸ ਵਿੱਚ ਰੱਖਿਆ ਗਿਆ ਸੀ। ਕਈ ਵਰ੍ਹੇ ਇਹ ਪੱਥਰ ਲੱਗਿਆ ਰਿਹਾ, ਫਿਰ ਟੁੱਟ ਗਿਆ ਤੇ ਅਖੀਰ ਗਾਇਬ ਹੋੋ ਗਿਆ। ਇਸ ਤੋਂ ਬਾਅਦ ਅਕਾਲੀ ਦਲ ਦੀ ਦੋ ਵਾਰ ਸਰਕਾਰ ਰਹੀ। ਬੀਬੀ ਜਗੀਰ ਕੌਰ ਵੀ ਮੁੜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ, ਪਰ ਇਸ ਯਾਦਗਾਰ ਦਾ ਕੰਮ ਨੀਂਹ ਪੱਥਰ ਤੋਂ ਅੱਗੇ ਨਾ ਵਧਿਆ। ਅੱਜ ਇਥੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਯਾਦਗਾਰ ਬਾਰੇ ਕੋਈ ਜਾਣਕਾਰੀ ਨਹੀਂ।