ਪੱਤਰ ਪ੍ਰੇਰਕ
ਮੋਗਾ, 5 ਨਵੰਬਰ
ਪੰਜਾਬ ’ਚ ਉਸਾਰੀ ਕਿਰਤੀ ਕਾਮਿਆਂ ਤੇ ਉਨ੍ਹਾਂ ਦੇ 9ਵੀਂ ਤੋਂ 12ਵੀਂ ਜਮਾਤ ਤੱਕ ਪੜ੍ਹਦੇ ਬੱਚਿਆਂ ਲਈ ਤਤਕਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਖਰੀਦੇ ਅਣਵੰਡੇ ਹਜ਼ਾਰਾਂ ਸਾਈਕਲ ਕਬਾੜ ਬਣ ਗਏ ਹਨ। ਸਭ ਤੋਂ ਵੱਧ ਜ਼ਿਲ੍ਹਾ ਸੰਗਰੂਰ ਵਿੱਚ ਸਾਈਕਲ ਖਰਾਬ ਹੋਏ ਹਨ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਮਗਰੋਂ ਕਿਰਤ ਵਿਭਾਗ ਹਰਕਤ ’ਚ ਆਇਆ ਹੈ। ਇਸ ਸਬੰਧੀ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਨੇ ਅਣਵੰਡੇ ਸਾਈਕਲਾਂ ਬਾਰੇ ਖੇਤਰੀ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। ਸਥਾਨਕ ਸਹਾਇਕ ਕਿਰਤ ਕਮਿਸ਼ਨਰ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਮੁਕਤਸਰ ਜ਼ਿਲ੍ਹੇ ਦਾ ਵੀ ਚਾਰਜ ਹੈ। ਉਨ੍ਹਾਂ ਖੇਤਰੀ ਅਮਲੇ ਤੋਂ ਅਣਵੰਡੇ ਹਜ਼ਾਰਾਂ ਸਾਈਕਲ, ਲਾਭਪਾਤਰੀ ਦਾ ਵੇਰਵਾ ਅਤੇ ਸਾਈਕਲ ਨਾ ਵੰਡੇ ਜਾਣ ਦੇ ਕਾਰਨ ਦੀ ਰਿਪੋਰਟ ਤਲਬ ਕੀਤੀ ਹੈ। ਉਨ੍ਹਾਂ ਕਿਰਤ ਇੰਸਪੈਕਟਰ ਗ੍ਰੇਡ-1 ਤੇ 2 ਮੁਕਤਸਰ ਅਤੇ ਮਲੋਟ ਨੂੰ ਅੱਜ ਲਿਖੇ ਪੱਤਰ ਵਿਚ ਆਖਿਆ ਕਿ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਵੱਲੋਂ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਬਹੁਤ ਸਾਰੇ ਅਣਵੰਡੇ ਸਾਈਕਲ ਕਈ ਸਾਲਾਂ ਤੋਂ ਪਏ ਹਨ, ਜਿਨ੍ਹਾਂ ਨੂੰ ਜੰਗਾਲ ਲੱਗ ਗਿਆ ਹੈ। ਪੰਜਾਬ ਵਿੱਚ ਉਸਾਰੀ ਕਿਰਤੀਆਂ ਦੀ ਭਲਾਈ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਨੇ ਰਜਿਸਟਰਡ ਕਿਰਤੀਆਂ ਦੇ ਪਰਿਵਾਰਾਂ ਨੂੰ ਵੰਡਣ ਲਈ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਸਾਈਕਲ ਖਰੀਦੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਰਜਿਸਟਰਡ ਉਸਾਰੀ ਕਿਰਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨੀ ਤੇ ਭਲਾਈ ਸਕੀਮਾਂ ਦਾ ਲਾਭ ਮਿੱਥੇ ਸਮੇਂ ਵਿਚ ਮੁਹੱਈਆ ਕਰਵਾਉਣਾ ਬੋਰਡ ਦਾ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਉਸਾਰੀ ਕਿਰਤੀ (ਲਾਭਪਾਤਰੀ) ਨੂੰ ਰਜਿਸਟਰਡ ਹੋਣਾ ਲਾਜ਼ਮੀ ਹੈ।
ਸਕੀਮ ਲਈ 57 ਹਜ਼ਾਰ ਮਜ਼ਦੂਰਾਂ ਨੇ ਭੇਜੀਆਂ ਸਨ ਅਰਜ਼ੀਆਂ
ਆਡਿਟ ਰਿਪੋਰਟ ਮੁਤਾਬਕ 18 ਫ਼ਰਵਰੀ 2014 ਨੂੰ ਸਕੀਮ ਸ਼ੁਰੂ ਕੀਤੀ ਗਈ ਸੀ ਅਤੇ ਇਸ ਯੋਜਨਾ ਦਾ ਲਾਹਾ ਲੈਣ ਲਈ 57 ਹਜ਼ਾਰ 647 ਮਜ਼ਦੂਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਅਪਰੈਲ 2016 ਤੋਂ ਅਗਸਤ 2017 ਤੱਕ 31 ਹਜ਼ਾਰ 620 ਸਾਈਕਲ ਵੰਡੇ ਗਏ ਅਤੇ 804 ਸਾਈਕਲ ਚੋਣ ਜ਼ਾਬਤਾ ਲੱਗਣ ਤੇ ਮਜ਼ਦੂਰਾਂ ਦਾ ਟਿਕਾਣਾ ਨਾ ਮਿਲਣ ਕਾਰਨ ਅਣਵੰਡੇ ਰਹਿ ਗਏ ਸਨ। ਪੜਤਾਲ ਦੌਰਾਨ 4312 ਲਾਭਪਾਤਰੀਆਂ ਨੂੰ 102.54 ਲੱਖ ਕੀਮਤ ਦੇ ਸਾਈਕਲ ਗਲਤ ਢੰਗ ਨਾਲ ਵੰਡਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।